ਬਰਿੰਦਰ ਗੋਇਲ ਨੇ ਲਹਿਰਾ ਹਲਕੇ ਦੀਆਂ ਪੰਚਾਇਤਾਂ ਨੂੰ ਵੰਡੇ 44 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ
ਦਲਜੀਤ ਕੌਰ
ਲਹਿਰਾ/ਸੰਗਰੂਰ, 1 ਮਈ, 2025;: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਰੀਬਨ 44 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸੇ ਵਚਨਬੱਧਤਾ ਤਹਿਤ ਅੱਜ ਲਹਿਰਾ ਹਲਕੇ ਦੇ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਲੋੜੀਂਦੇ ਵਿਕਾਸ ਕਾਰਜਾਂ ਲਈ ਫੰਡ ਤਕਸੀਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਚੋਟੀਆਂ, ਰੋੜੇਵਾਲਾ, ਢੀਂਡਸਾ, ਭਾਈ ਕੀ ਪਿਸ਼ੌਰ, ਕਾਲੀਆਂ, ਚੂੜੇ ਕਲਾਂ, ਗੁਰਨੇ ਕਲਾਂ, ਸੇਖੂਵਾਸ, ਬਖੋਰਾ ਖੁਰਦ, ਬਖੋਰਾ ਕਲਾਂ, ਲਹਿਲ ਖੁਰਦ, ਭਾਠੂਆਂ, ਅੜਕਵਾਸ, ਖਾਈ, ਜਵਾਰਹਰਵਾਲਾ, ਝਲੂਰ ਅਤੇ ਭੂਟਾਲ ਖੁਰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਨਾਲ ਪਿੰਡਾਂ ਦੀ ਭਲਾਈ ਲਈ ਲੋੜੀਂਦੇ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣੇ ਯਕੀਨੀ ਬਣਾਏ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਪੰਜਾਬੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਤਹਿਤ ਨਸ਼ਾ ਤਸਕਰੀ ਨੂੰ ਮੁਕੰਮ ਰੂਪ ਵਿੱਚ ਨੱਥ ਪਾਈ ਗਈ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦਾ ਸਹੀ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ. ਰਾਕੇਸ਼ ਕੁਮਾਰ ਗੁਪਤਾ, ਪ੍ਰਧਾਨ ਜੋਗੀ ਰਾਮ, ਸ਼ੀਸ਼ਪਾਲ ਆਨੰਦ ਮਾਰਕਿਟ ਕਮੇਟੀ ਚੇਅਰਮੈਨ, ਮਨਪ੍ਰੀਤ ਸਿੰਘ ਸਰਪੰਚ, ਜਰਨੈਲ ਸਿੰਘ ਖਾਈ ਸਰਪੰਚ, ਗੁਰਲਾਲ ਸਿੰਘ ਸਰਪੰਚ ਬਖੋਰਾ ਕਲਾਂ, ਨਰਾਤਾ ਸਿੰਘ ਸਰਪੰਚ ਬਖੋਰਾ ਖੁਰਦ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਰਪੰਚ ਅਤੇ ਪੰਚ ਹਾਜ਼ਰ ਸਨ।