ਦੇਸ਼ ਮਨਾ ਰਿਹਾ ਹੈ ਮਜਦੂਰ ਦਿਹਾੜਾ ਪਰ ਮਜਦੂਰਾਂ ਦੀ ਦੇਖ ਲਓ ਹਾਲਤ
ਗਰਮੀ ਤੋਂ ਬਚਾਉਣ ਲਈ ਸਿਰ ਤੇ ਸ਼ੈਡ ਤੱਕ ਨਹੀਂ ਪੁਆਈ ਕਿਸੇ ਸਰਕਾਰ ਨੇ, ਧੁੱਪੇ ਖੜੋ ਕੇ ਕਰਦੇ ਕੰਮ ਮਿਲਣ ਦੀ ਆਸ
ਰੋਹਿਤ ਗੁਪਤਾ
ਗੁਰਦਾਸਪੁਰ , 1 ਮਈ 2025 :
ਪੰਜਾਬ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਲੇਕਿਨ ਦੂਜੇ ਪਾਸੇ ਅੱਜ ਕਾਦੀਆ ਵਿਖੇ ਮਜ਼ਦੂਰਾਂ ਦੀ ਹਾਲਤ ਤਰਯੋਗ ਦੇਖੀ ਗਈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਅੱਜ ਦੇਸ਼ ਆਜ਼ਾਦ ਹੋਏ ਨੂੰ 76 ਸਾਲ ਤੋਂ ਵੱਧ ਹੋ ਗਏ ਹਨ ਪਰ ਕਾਦੀਆਂ ਵਿੱਚ ਅੱਜ ਤੱਕ ਕਿਸੇ ਸਰਕਾਰ ਨੇ ਮਜ਼ਦੂਰਾਂ ਲਈ ਕੁਈ ਪੁਖਤਾ ਪ੍ਰਬੰਧ ਨਹੀਂ ਕੀਤੇ। ਮਜ਼ਦੂਰਾਂ ਲਈ ਬੈਠਣ ਲਈ ਤਾਂ ਦੂਰ ਖੜ੍ਹੇ ਹੋਣ ਲਈ ਵੀ ਕੋਈ ਜਗਾ ਨਹੀਂ ਬਣਾਈ ਗਈ। ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾਂ ਵਲੋ ਸ਼ੈੱਡ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਿਸੇ ਸਰਕਾਰ ਨੇ ਅੱਜ ਤੱਕ ਕੋਈ ਸੁਣਵਾਈ ਨਹੀਂ ਕੀਤੀ। ਮਜ਼ਦੂਰ ਅਪਣੇ ਅਪਣੇ ਪਿੰਡਾਂ ਤੋਂ ਦਿਹਾੜੀ ਕਰਨ ਦੀ ਆਸ ਵਿੱਚ ਆਉਂਦਾ ਹੈ ਅਤੇ ਖੁੱਲ੍ਹੇ ਅਸਮਾਨ ਹੇਠ ਤਪਦੀ ਧੁੱਪ ਅਤੇ ਗਰਮੀ ਵਿੱਚ ਖੜਾ ਕੰਮ ਮਿਲਣ ਦੇ ਇੰਤਜ਼ਾਰ ਵਿਚ ਰਹਿੰਦਾ ਹੈ। ਕੁੱਝ ਮਜ਼ਦੂਰ ਤਾਂ ਕੰਮ ਨਾਂ ਮਿਲਣ ਤੋਂ ਬਾਅਦ ਖਾਲੀ ਹੱਥ ਹੀ ਵਾਪਿਸ ਚਲੇ ਜਾਂਦੇ ਹਨ।
ਉੱਥੇ ਹੀ ਕਾਦੀਆਂ ਦੇ ਸਮਾਜਸੇਵੀ ਮਕਬੂਲ ਹੈ ਮਦਦ ਤੇ ਤਾਰਿਕ ਅਹਿਮਦ ਨੇ ਕਿਹਾ ਕਿ ਕੌਮੀ ਪੱਧਰ ਤੇ ਮਜ਼ਦੂਰ ਦਿਹਾੜਾ ਮਨਾਉਣ ਦਾ ਕੀ ਫਾਇਦਾ ਜੇਕਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਸਰਕਾਰਾਂ ਵਲੋਂ ਧਿਆਨ ਨਹੀਂ ਦਿੱਤਾ ਜਾਂਦਾ । ਵੱਡੇ ਵੱਡੇ ਮਹਿਲ ਅਤੇ ਇਮਾਰਤਾਂ ਖੜੀਆਂ ਕਰਨ ਵਾਲੇ ਮਜ਼ਦੂਰ ਆਪਣੇ ਲਈ ਇੱਕ ਛੱਤ ਤੋਂ ਵੀ ਵਾਂਝੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।