ਦੁਧਾਰੂ ਪਸ਼ੂਆਂ ਦੇ ਬੀਮੇ ’ਤੇ 70 ਫੀਸਦੀ ਤੱਕ ਸਬਸਿਡੀ ਉਪਲਬੱਧ
ਹੁਸ਼ਿਆਰਪੁਰ, 8 ਜਨਵਰੀ 2024 : ਡੇਅਰੀ ਵਿਕਾਸ ਵਿਭਾਗ,ਪੰਜਾਬਵਲੋਂ ਨੈਸ਼ਨਲ ਲਾਈਵਸਟੋਕ ਮਿਸ਼ਨ ਅਧੀਨ ਦੁਧਾਰੂ ਪਸ਼ੂਆਂ ਦੇ ਬੀਮੇ ’ਤੇ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਖੁਰ,ਲੰਪੀ ਸਕਿਨ,ਗੱਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ।
ਇਸ ਨੁਕਸਾਨ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਜਨਰਲ ਜਾਤੀ ਦੇ ਪਸ਼ੂ ਧਾਰਕਾ ਨੂੰ 50 ਫੀਸਦੀ ਅਤੇ ਅਨੁਸੂਚਿਤ ਜਾਤੀ ਦੇ ਪਸ਼ੂ ਧਾਰਕਾਂ ਨੂੰ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਫਾਰਮਰ 1 ਤੋ 5 ਪਸ਼ੂਆਂ ਤੱਕ ਬੀਮਾ ਕਰਵਾ ਸਕਦਾ ਹੈ । ਸਕੀਮ ਤਹਿਤ ਪਸ਼ੂਆਂ ਦੀ ਕੀਮਤ 70 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਕੀਮ ਅਧੀਨ ਇੱਕ ਸਾਲ ਦਾ ਬੀਮਾ ਐਸ.ਸੀ/ਐਸ.ਟੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ, ਦੋ ਸਾਲ ਦਾ ਬੀਮਾ 1260 ਰੁਪਏ ਅਤੇ ਤਿੰਨ ਸਾਲ ਦਾ ਬੀਮਾ 1680 ਰੁਪਏ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾ ਜਨਰਲ ਲਾਭਪਾਤਰੀਆਂ ਲਈ ਇੱਕ ਸਾਲ ਦਾ ਬੀਮਾ 1120 ਰੁਪਏ, ਦੋ ਸਾਲ ਦਾ ਬੀਮਾ 2100 ਰੁਪਏ ਅਤੇ ਤਿੰਨ ਸਾਲ ਦਾ ਬੀਮਾ 2800 ਰੁਪਏ ਅਦਾ ਕਰਕੇ ਕਰਵਾ ਸਕਦੇ ਹਨ । ਇਸ ਸਕੀਮ ਦਾ ਲਾਭ ਕੋਈ ਵੀ ਡੇਅਰੀ ਫਾਰਮਰ ਲੈ ਸਕਦਾ ਹੈ। ਵਧੇਰੇ ਜਾਣਕਾਰੀ ਲਈ 01882-220025, 9872277136 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।