ਕੋਵਿਡ -19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵੱਲੋਂ ਮੰਗਾਂ ਸਬੰਧੀ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 24 ਫਰਵਰੀ 2025- ਕੋਵਿਡ -19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵੱਲੋਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਰਾਜ ਨੇ ਦੱਸਿਆ ਕੀ ਪਿਛਲੇ ਚਾਰ ਸਾਲਾਂ ਤੋਂ ਕੋਵਿਡ ਵਲੰਟੀਅਰ ਆਪਣੀ ਨੋਕਰੀ ਦੀ ਬਹਾਲੀ ਲਈ ਲਗਾਤਾਰ ਸਰਕਾਰ ਨੂੰ ਅਪੀਲ ਕਰ ਰਹੇ ਹਨ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੂੰ ਝੂਠੇ ਲਾਰਿਆਂ ਵਿੱਚ ਰੱਖ ਰਹੀ ਹੈ। ਆਪ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੀ.ਐਮ ਮਾਨ ਨੇ ਐਨ.ਐਚ.ਐਮ ਕੋਵਿਡ ਵਲੰਟੀਅਰਜ਼ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇਗੀ ਪਰ ਹੁਣ ਢਾਈ ਤਿੰਨ ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਬਣੀ ਨੂੰ ਪਰ ਅਜੇ ਤੱਕ ਸਾਨੂੰ ਬਹਾਲ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਅਨੇਕਾਂ ਵਾਰ ਸਾਨੂੰ ਭਰੋਸਾ ਦਿਵਾਇਆ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਕਰੋਨਾ ਵਲੰਟੀਅਰਾਂ ਨਾਲ ਧਰਨੇ ਵਿੱਚ ਬੈਠਦੇ ਅਤੇ ਉਹਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਸਨ ਪਰ ਦੁੱਖ ਦੀ ਗੱਲ ਹੈ ਕਿ ਹੁਣ ਕੋਈ ਮਿਲਣ ਨੂੰ ਵੀ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਮਾਰਚ ਮਹੀਨੇ ਦੌਰਾਨ ਉਹ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਮੌਤ ਦੇ ਮੂੰਹ ਵਿੱਚ ਜਾ ਕੇ ਮਰੀਜ਼ਾਂ ਅਤੇ ਆਮ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਦਾ ਮੁੱਲ ਹੁਣ ਪੰਜਾਬ ਸਰਕਾਰ ਉਹਨਾਂ ਨਾਲ ਧੱਕਾ ਕਰਕੇ ਮੋੜ ਰਹੀ ਹੈ। ਇਸ ਮੌਕੇ ਸ਼ੁਭਮ ਗਰੋਵਰ ਬਠਿੰਡਾ , ਜ਼ਿਲ੍ਹਾ ਸਲਾਹਕਾਰ ਜਗਮੇਲ ਸਿੰਘ ਬਠਿੰਡਾ, ਸੂਬਾ ਚੇਅਰਮੈਨ ਸਤਨਾਮ ਸਿੰਘ ਗੁਮਟੀ, ਰਮਨਦੀਪ ਕੌਰ ਬਠਿੰਡਾ, ਗੀਤੂ ਬਠਿੰਡ, ਪ੍ਰਵੀਨ ,ਅਨੂ ਹੋਰ ਕਮੇਟੀ ਮੈਂਬਰ ਸ਼ਾਮਿਲ ਸਨ।