ਕੁਲਤਾਰ ਸੰਧਵਾਂ ਨੇ ਭਗਵੰਤ ਮਾਨ ਦਾ ਸਮੇਂ ਸਿਰ ਪਾਣੀ ਦੇ ਮਸਲੇ ਤੇ ਸਾਫ ਅਤੇ ਸਪਸ਼ਟ ਸਟੈਂਡ ਲੈਣ ਲਈ ਧੰਨਵਾਦ ਕੀਤਾ
ਚੰਡੀਗੜ੍ਹ, 1 ਮਈ 2025: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦਾ ਪੰਜਾਬ ਤੇ ਹਰਿਆਣਾ ਵਿੱਚਕਾਰ ਪਾਣੀ ਦੇ ਮਸਲੇ ਦਾ ਸਹੀ ਸਮੇਂ ਤੇ ਸਾਫ ਅਤੇ ਸਪਸ਼ਟ ਸਟੈਂਡ ਲੈਣ ਲਈ ਤਹਿ ਦਿਲੋਂ ਧੰਨਵਾਦ ਤੇ ਭਰਪੂਰ ਸ਼ਲਾਗਾ ਕੀਤੀ , ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਉਣ ਲਈ ਸਮੇਂ ਸਿਰ ਕਦਮ ਚੁੱਕਿਆ ਹੈ ।
ਸਪੀਕਰ ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਅੰਨ ਦੀ ਪੈਦਾਵਾਰ ਕਰਨ ਲਈ ਪਾਣੀ ਦੀ ਵਰਤੋਂ ਕਰਦਾ ਹੈ, ਪਾਣੀ ਪੰਜਾਬ ਦੀ ਜਿੰਦ ਜਾਨ ਹੈ, ਅਤੇ ਦੇਸ਼ ਦੇ ਅਨਾਜ ਭੰਡਾਰ ਵਿੱਚ ਹਿੱਸਾ ਪਾਉਣ ਲਈ ਪੰਜਾਬ ਪਾਣੀ ਦੀ ਵਰਤੋਂ ਕਰਦਾ ਹੈ । ਦੇਸ਼ ਨੂੰ ਹੋਰ ਤਕੜਾ ਕਰਨ ਲਈ ਪੰਜਾਬ ਨੂੰ ਆਪਣੇ ਹਿੱਸੇ ਦਾ ਪੂਰਾ ਪਾਣੀ ਚਾਹੀਦਾ ਹੈ । ਉਹਨਾਂ ਕਿਹਾ ਕਿ ਪੰਜਾਬ ਪੈਦਾਵਾਰ ਕਰਨ ਲਈ ਆਪਣੇ ਸਾਰੇ ਕੁਦਰਤੀ ਸੋਮਿਆਂ ਦੀ ਪਹਿਲੇ ਹੀ ਵਰਤੋਂ ਕਰ ਚੁੱਕਿਆ ਹੈ।
ਇਸ ਦੇ ਨਾਲ ਹੀ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਪਹਿਲਾਂ ਹੀ ਥੱਲੇ ਜਾ ਚੁੱਕਾ ਹੈ ਅਤੇ ਪੰਜਾਬ ਜੋ ਕਿ ਖੇਤੀਬਾੜੀ ਤੇ ਨਿਰਭਰ ਸੂਬਾ ਹੈ ਆਪਣੇ ਹਿੱਸੇ ਦੇ ਪਾਣੀ ਨੂੰ ਕਿਸੇ ਹੋਰ ਸੂਬੇ ਨਾਲ ਸਾਂਝਾ ਨਹੀਂ ਕਰ ਸਕਦਾ । ਉਹਨਾਂ ਕਿਹਾ ਕਿ ਇਹ ਪਹਿਲਾਂ ਹੀ ਭਵਿੱਖਬਾਣੀ ਹੋ ਚੁੱਕੀ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਮਰੂਥਲ ਬਣ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਕਿਸੇ ਹੋਰ ਸੂਬੇ ਦਾ ਹੱਕ ਨਹੀਂ ਮਾਰ ਰਹੇ, ਪਰ ਆਪਣਾ ਹੱਕ ਬਚਾਉਣ ਲਈ ਯਤਨਸ਼ੀਲ ਰਹਾਂਗੇ ਅਤੇ ਇਸ ਉੱਤੇ ਫਿਰ ਡੱਟ ਕੇ ਪਹਿਰਾ ਦਵਾਂਗੇ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਸੰਬੰਧ ਵਿੱਚ ਸਪਸ਼ਟ ਨੀਤੀ ਅਪਣਾਈ ਜਾ ਰਹੀ ਹੈ, ਜਿਸ ਤਹਿਤ ਪੰਜਾਬ ਆਪਣੇ ਹਿੱਸੇ ਦਾ ਪਾਣੀ ਕਿਸੇ ਵੀ ਹਲਾਤਾਂ ਵਿੱਚ ਕਿਸੇ ਹੋਰ ਸੂਬੇ ਨਾਲ ਸਾਂਝਾ ਨਹੀਂ ਕਰੇਗਾ ।