ਕਪੂਰਥਲਾ ਚ ਪਰਿਵਾਰ ਨੇ ਨੌਜਵਾਨ ਪੁੱਤ ਦੀ ਲਾਸ਼ ਲੈਣ ਤੋਂ ਕੀਤਾ ਇਨਕਾਰ
ਕਿਹਾ-ਸਾਡੇ ਪੁੱਤ ਦਾ ਹੋਇਐ ਕਤਲ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 1 ਮਈ 2025: ਕਪੂਰਥਲਾ ਪੁਲਸ ਨੂੰ ਕੱਲ੍ਹ ਸ੍ਰੀ ਗੋਇੰਦਵਾਲ ਸਾਹਿਬ ਮਾਰਗ 'ਤੇ ਪਿੰਡ ਨਾਨਕਪੁਰ ਨੇੜੇ ਕਾਲੀ ਵੇਈਂ ਪੁਲ ਦੇ ਨੇੜੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਪਾਣੀ ਵਿੱਚ ਤੈਰਦੀ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਬਾਹਰ ਕੱਢ ਕੇ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਸੀ ਤੇ ਇਸਦੀ ਜਾਣਕਾਰੀ ਵੱਖ-ਵੱਖ ਥਾਵਾਂ 'ਤੇ ਭੇਜ ਦਿੱਤੀ ਗਈ। ਜਿਸ ਤੋਂ ਬਾਅਦ ਕਪੂਰਥਲਾ ਦੇ ਪਿੰਡ ਕੇਸਰਪੁਰ ਦੇ ਇੱਕ ਪਰਿਵਾਰ ਨੇ ਲਾਸ਼ ਦੀ ਪਛਾਣ ਕੀਤੀ।
ਮ੍ਰਿਤਕ ਤਰਨਜੀਤ ਜੀਤ ਸਿੰਘ ਇਸ ਪਰਿਵਾਰ ਦਾ 22 ਸਾਲਾ ਪੁੱਤਰ ਸੀ ਅਤੇ ਕਰਤਾਰਪੁਰ ਵਿੱਚ ਸੈਲੂਨ ਦਾ ਕੰਮ ਸਿੱਖ ਰਿਹਾ ਸੀ। ਉਹ 28 ਅਪ੍ਰੈਲ ਦੀ ਸ਼ਾਮ ਨੂੰ ਘਰ ਲਈ ਨਿਕਲਿਆ ਪਰ ਘਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਪਰਿਵਾਰ ਨੇ ਇਸ ਬਾਰੇ ਕਰਤਾਰਪੁਰ ਪੁਲਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਅਧਿਕਾਰੀਆਂ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਅੱਜ ਪਰਿਵਾਰ ਨੂੰ ਉਸਦੀ ਮੌਤ ਦੀ ਜਾਣਕਾਰੀ ਮਿਲੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਜਦੋਂ ਤੱਕ ਦੋਸ਼ੀ ਨਹੀਂ ਫੜੇ ਜਾਂਦੇ, ਉਹ ਨਾ ਤਾਂ ਆਪਣੇ ਪੁੱਤਰ ਦੀ ਲਾਸ਼ ਲੈਣਗੇ ਅਤੇ ਨਾ ਹੀ ਉਸਦਾ ਅੰਤਿਮ ਸੰਸਕਾਰ ਕਰਨਗੇ। ਦੂਜੇ ਪਾਸੇ, ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।