
ਜਸ ਪ੍ਰੀਤ ਦੀ ਪੁਸਤਕ ਅਹਿਸਾਸਾਂ ਦੀ ਕਿਣ ਮਿਣ ਤੇ ਗੋਸ਼ਟੀ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 6 ਅਕਤੂਬਰ 2025:- ਸਾਂਝਾ ਸਾਹਿਤਕ ਮੰਚ, ਪਟਿਆਲਾ ਅਤੇ ਸਾਹਿਤ ਅਕਾਦਮੀ, ਪਟਿਆਲਾ ਵੱਲੋਂ ਅਮਰਜੀਤ ਲਾਇਬਰੇਰੀ, ਭਾਦਸੋਂ ਰੋਡ, ਪਟਿਆਲਾ ਵਿਖੇ ਜਸ ਪ੍ਹੀਤ ਦੀ ਪੁਸਤਕ ਅਹਿਸਾਸਾਂ ਦੀ ਕਿਣ ਮਿਣ ਤੇ ਗੋਸ਼ਟੀ ਕੀਤੀ ਗਈ। ਨਵਦੀਪ ਮੁੰਡੀ ਨੇ ਮੰਚ ਵੱਲੋਂ ਪਹੁੰਚੇ ਸਹਿਤਕਾਰਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਅਮਰਜੀਤ ਸਿੰਘ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਉਹਨਾਂ ਜਸ ਪ੍ਹੀਤ ਦੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਦੀ ਕਵਿਤਾ ਕੁਦਰਤ ਵਿਸਮਾਦ ਦੀ ਕਵਿਤਾ ਹੈ।ਇਸ ਉਪਰੰਤ ਜਸਪ੍ਰੀਤ ਨੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਗੱਲਾਂ ਕਰਦਿਆਂ ਕਿਹਾ ਕਿ ਰੋਜ਼ ਮੈਂ ਜਦੋਂ ਸੈਰ ਕਰਦਿਆਂ ਚਿੜੀਆਂ ਨੂੰ ਝੂਮਦੇ ਦੇਖਦੀ ਹਾਂ ਤਾਂ ਮੇਰੇ ਅੰਦਰ ਆਪੇ ਹੀ ਇੱਕ ਹੁਲਾਰਾ ਆਉਂਦਾ ਹੈ ਤੇ ਕੁਦਰਤ ਨੂੰ ਇੰਨਾ ਕਲੋਜ਼ ਹੋ ਕੇ ਦੇਖਦੇ ਹੋ ਕੇ ਮੈਂ ਦੇਖਦੀ ਤਾਂ ਕੁਦਰਤ ਦੀ ਖੂਬਸੂਰਤੀ ਮੇਰੀ ਕਵਿਤਾ ਬਣ ਜਾਂਦੀ ਹੈ। ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਜਸਪ੍ਰੀਤ ਦੀ ਕਵਿਤਾ ਕੁਦਰਤ ਦੇ ਹਰ ਰੰਗ ਨੂੰ ਪੇਸ਼ ਕਰਦੀ ਹੈ। ਵਿਸ਼ੇਸ਼ ਮਹਿਮਾਨ ਡਾ. ਚਰਨਜੀਤ ਕੌਰ ਨੇ ਆਪਣੀ ਗੱਲ ਜਸਪ੍ਰੀਤ ਦੇ ਜੀਵਨ ਅਤੇ ਕੁਦਰਤ ਸੰਗ ਆਪਣੇ ਅਨੁਭਵ ਰਾਹੀਂ ਸਾਂਝੀ ਕੀਤੀ। ਮੁੱਖ ਮਹਿਮਾਨ ਪ੍ਹੋ. ਕਿਰਪਾਲ ਕਜ਼ਾਕ ਨੇ ਜਸਪ੍ਰੀਤ ਦੀ ਫ਼ੋਟੋਗ੍ਰਾਫ਼ੀ ਦੇ ਪ੍ਰਮੁੱਖ ਬਿੰਦੂਆਂ ਨੂੰ ਸਾਹਮਣੇ ਲਿਆਂਦਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਰਾਜਿੰਦਰ ਪਾਲ ਬਰਾੜ ਨੇ ਜਸਪ੍ਰੀਤ ਨੂੰ ਅੱਗੇ ਭਵਿੱਖ ਵਿੱਚ ਨਵੇਂ ਵਿਸ਼ਿਆਂ ਦੀ ਤਲਾਸ਼ ਕਰਨ ਹਿੱਤ ਪ੍ਰੇਰਿਤ ਕੀਤਾ। ਇਸ ਵਿਚਾਰ ਚਰਚਾ ਵਿੱਚ ਡਾ. ਪਰਮਜੀਤ ਸੋਹਲ, ਅਮਰਜੀਤ ਸਿੰਘ ਕਸਕ, ਅਵਤਾਰਜੀਤ, ਸਤਨਾਮ ਚੌਹਾਨ, ਕੁਲਵਿੰਦਰ ਚਾਵਲਾ, ਚਰਨਜੀਤ ਜੋਤ, ਪ੍ਹੋ. ਸੁਖਵਿੰਦਰ ਸਿੰਘ, ਖੁਸ਼ਪ੍ਹੀਤ ਸਿੰਘ, ਸੁਖਵਿੰਦਰ ਸਿੰਘ, ਇੰਜ. ਜਗਰਾਜ ਸਿੰਘ, ਅਮਰਜੀਤ ਖਰੌੜ ਆਦਿ ਨੇ ਵੀ ਭਾਗ ਲਿਆ। ਇਸ ਸਮਾਗਮ ਦਾ ਮੰਚ ਸੰਚਾਲਨ ਨਵਦੀਪ ਮੁੰਡੀ ਨੇ ਕੀਤਾ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਮਰਜੀਤ ਖਰੌੜ ਨੇ ਖ਼ਾਸ ਯੋਗਦਾਨ ਪਾਇਆ। ਅੰਤ ਵਿੱਚ ਇੰਜ. ਜਗਰਾਜ ਸਿੰਘ ਨੇ ਸਾਹਿਤ ਅਕਾਦਮੀ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਤੇ ਉਪਰੰਤ ਸਾਹਿਤ ਅਕਾਦਮੀ , ਪਟਿਆਲਾ ਤੇ ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਜਸਪ੍ਰੀਤ ਦਾ ਸਨਮਾਨ ਕੀਤਾ ਗਿਆ।