ਜਰਮਨੀ 'ਚ ਹੋਏ ਯੂਰਪੀ ਪੰਜਾਬੀ ਸਾਹਿਤਕ ਸਮਾਗਮ ਦੌਰਾਨ “ਧਰਤਿ ਵੰਗਾਰੇ ਤਖਤ ਨੂੰ” ਕਾਵਿ ਸੰਗ੍ਰਹਿ ਸਮੇਤ ਹੋਰ ਪੰਜ ਕਿਤਾਬਾਂ ਲੋਕ ਅਰਪਣ
ਚੰਡੀਗੜ੍ਹ, 5 ਅਕਤੂਬਰ 2025- ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫੋਰਟ ਵਿੱਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਜਿਸ ਵਿੱਚ ਯੂਰਪ ਦੇ ਵੱਖ ਵੱਖ ਮੁੱਲਕਾਂ ਗਰੀਸ, ਜਰਮਨੀ , ਬੈਲਜ਼ੀਅਮ, ਇਟਲੀ, ਬਰਤਾਨੀਆਂ, ਡੈਨਮਾਰਕ ਆਦਿ ਤੋਂ ਸਾਹਿਤਕਾਰ ਤੇ ਵਿਦਵਾਨਾਂ ਨੇ ਭਾਗ ਲਿਆ। ਯੂਰਪੀ ਪੰਜਾਬੀ ਕਹਾਣੀ ਅਤੇ ਮੁਸ਼ਾਇਰੇ ਸਮੇਤ ਇਸ ਸਮਾਗਮ ਵਿੱਚ ਯੂਰਪੀ ਪੰਜਾਬੀ ਸਾਹਿਤ ਵਾਰੇ ਗਹਿਰੀ ਵਿਚਾਰ ਚਰਚਾ ਹੋਈ। ਇਸ ਸਮੇਂ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਪ੍ਰੋ ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਪੁਸਤਕ “ਧਰਤਿ ਵੰਗਾਰੇ ਤਖਤ ਨੂੰ” ਸਮੇਤ ਹੋਰ ਪੰਜ ਕਿਤਾਬਾਂ "ਸੁਖਜੀਤ ਦੀਆਂ ਚੋਣਵੀਆਂ ਕਹਾਣੀਆਂ" , ਸੰਦੀਪ ਸਮਰਾਲਾ ਦਾ ਕਹਾਣੀ ਸੰਗ੍ਰਹਿ " ਸੁਪਨੇ ਦਾ ਗਵਾਹ ਨਹੀਂ ਹੁੰਦਾ" , ਜੀਤ ਸੁਰਜੀਤ ਬੈਲਜੀਅਮ ਦਾ ਕਾਵਿ ਸੰਗ੍ਰਹਿ " ਚੇਤਿਆਂ ਦੀ ਝੀਥ " , ਜਫ਼ਰ ਅਵਾਨ ਡੈਨਮਾਰਕ ਦਾ ਕਾਵਿ ਸੰਗ੍ਰਹਿ "ਧੀ ਜੋ ਹੋਈ " ਅਤੇ ਅਮਜਦ ਆਰਫ਼ੀ ਜਰਮਨੀ ਦਾ ਕਾਵਿ ਸੰਗ੍ਰਹਿ "ਰਮਜ਼ਾਂ ਚੁੱਪ ਦੀਆਂ " ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੀਆਂ ਗਈਆਂ । ਦਲਜਿੰਦਰ ਸਿੰਘ ਰਹਿਲ ਨੇ ਇਹਨਾਂ ਪੁਸਤਕਾਂ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਕਾਵਿ ਸੰਗ੍ਰਹਿ "ਧਰਤ ਵੰਗਾਰੇ ਤਖ਼ਤ ਨੂੰ" ਵਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ ਕਿਸਾਨ ਅੰਦੋਲਨ ਦੇ ਇਤਿਹਾਸ ਨੂੰ ਸਾਂਭਣ ਦਾ ਇੱਕ ਵੱਡਾ ਉਪਰਾਲਾ ਹੈ। ਪ੍ਰੋ ਗੁਰਭਜਨ ਸਿੰਘ ਗਿੱਲ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਵੱਖ ਵੱਖ ਲੇਖਕਾਂ ਦੀਆਂ ਦੋ ਸੌ ਤੋਂ ਉੱਤੇ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਾਵਿ ਰੂਪੀ ਪੁਸਤਕ “ਧਰਤਿ ਵੰਗਾਰੇ ਤਖ਼ਤ ਨੂੰ” ਇੱਕ ਅਜਿਹਾ ਸਾਹਿਤਕ ਸਰੋਤ ਹੈ ਜਿਸ ਵਿੱਚ ਸਮੁੱਚੇ ਕਿਸਾਨ ਅੰਦੋਲਨ ਨਾਲ ਸੰਬਧਤ ਕਾਵਿ ਸਮੱਗਰੀ ਕਿਸਾਨ ਅੰਦੋਲਨ ਦੀ ਹਮੇਸ਼ਾਂ ਗਵਾਹੀ ਭਰਦੀ ਰਹੇਗੀ।