ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਮੌਕੇ “ਨਿਰਮਲ ਨੂਰ” ਦਾ ਵਿਸ਼ੇਸ਼ ਅੰਕ ਜਾਰੀ
* ਕੁਦਰਤ ਨਾਲ ਇਕਮਿਕ ਹੋਣ ਦੇ 25 ਵਰ੍ਹਿਆਂ ਦੀਆਂ ਦਿਲਚਸਪ ਘਟਨਾਵਾਂ ਦਾ ਕੀਤਾ ਜ਼ਿਕਰ
ਬਲਵਿੰਦਰ ਸਿੰਘ ਧਾਲੀਵਾਲ
ਸਲਤਾਨਪੁਰ ਲੋਧੀ, 13 ਜੁਲਾਈ 2025 - ਪਵਿੱਤਰ ਵੇਈਂ ਦੇ ਸਿਲਵਰ ਜੁਬਲੀ ਸਮਾਗਮਾਂ ਮੌਕੇ “ ਨਿਰਮਲ ਨੂਰ” ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਇਹ ਵਿਸ਼ੇਸ਼ ਅੰਕ ਵੇਈਂ ਦੇ 25 ਸਾਲਾ ਕਾਰ ਸੇਵਾ ਦੇ ਨਿਰੰਤਰ ਸਫ਼ਰ ਸਮਰਪਿਤ ਕੀਤਾ ਗਿਆ ਹੈ। ਇਹ ਅੰਕ ਵਾਤਾਵਰਨ ਕਾਨਫਰੰਸ ਦੇ ਮੁੱਖ ਮਹਿਮਾਨ ਡਾ: ਅਫਰੋਜ਼ ਅਹਿਮਦ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਪੀਏਯੂ ਦੇ ਵਾਈਸ ਚਾਂਸਲਰ ਡਾ: ਐਸ.ਐਸ ਗੋਸਲ, ਸੰਤ ਗੁਰਮੇਜ਼ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰ ਸਿੰਘ ਬਾਜਵਾ ਤੇ ਨਿਰਮਲ ਨੂਰ ਦੇ ਸੰਪਾਦਕ ਸੰਤ ਸੁਖਜੀਤ ਸਿੰਘ ਹਾਜ਼ਰ ਸਨ।
ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਦੇ ਇਸ ਵਿਸ਼ੇਸ਼ ਅੰਕ ਵਿੱਚ ਕਾਰ ਸੇਵਾ ਦੌਰਾਨ ਆਈਆਂ ਚਣੌਤੀਆਂ ਦਾ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਹ ਘਟਨਾਵਾਂ ਅਜਿਹੀਆਂ ਹਨ ਜਿੰਨ੍ਹਾਂ ਨੇ ਪੰਜਾਬ ਨੂੰ ਨਵਾਂ ਮੋੜ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਇਸ ਨਿਰਮਲ ਨੂਰ ਦੇ ਵਿਸ਼ੇਸ਼ ਅੰਕ ਵਿੱਚ 25 ਸਖਸ਼ੀਅਤਾਂ ਦੇ ਸੁਨੇਹੇ ਹਨ। ਇੰਨ੍ਹਾਂ ਵਿੱਚ ਕੇਂਦਰੀ ਮੰਤਰੀ, ਰਾਜਪਾਲ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਰਾਜ ਸਭਾ ਦੇ ਮੈਂਬਰਾਂ ਵੱਲੋਂ ਵੀ ਵੇਈਂ ਦੇ 25 ਸਾਲਾਂ ਇਤਿਹਾਸ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਚਾਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਵੱਲੋਂ ਵੇਈਂ ਦੀ ਕਾਰ ਸੇਵਾ ਨੂੰ ਬੋਧਿਕ ਪੱਖ ਤੋਂ ਦੇਖਿਆ ਗਿਆ ਹੈ।
ਇਸ ਅੰਕ ਵਿੱਚ ਪੰਜਾਬ ਸਰਕਾਰ ਵੱਲੋਂ ਵੇਈਂ ਨੂੰ ਪਵਿੱਤਰ ਵੇਈਂ ਐਲਾਨੇ ਜਾਣ ਦਾ ਦਸਤਾਵੇਜ਼ ਵੀ ਲੱਗਾ ਹੋਇਆ ਹੈ ਤੇ ਇਸ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਉਹ ਇਤਿਹਾਸਕ ਸੰਦੇਸ਼ ਵਿੱਚ ਲੱਗਾ ਹੋਇਆ ਹੈ। ਜਿਸ ਵਿੱਚ ਉਹ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰ ਰਹੇ ਹਨ ਕਿ ਪਵਿੱਤਰ ਵੇਈਂ ਵਿੱਚ ਗੰਦੇ ਪਾਣੀ ਦੀ ਇੱਕ ਵੀ ਬੂੰਦ ਨਾ ਪਾਉਣ। ਇਹ ਸੰਦੇਸ਼ ਜੁਲਾਈ 2007 ਵਿੱਚ ਜਾਰੀ ਕੀਤਾ ਗਿਆ ਸੀ।ਜਦੋਂ ਵੇਈਂ ਦੀ ਸੱਤਵੀ ਵਰ੍ਹੇਗੰਢ ਮਨਾਈ ਗਈ ਸੀ।