ਪੰਜਾਬ ਦੇਸ਼ ਦਾ ਦਿਲ, ਇਸ ਨਾਲ ਕਦੇ ਕੇਂਦਰ ਮਤਰਿਆ ਸਲੂਕ ਨਹੀਂ ਕਰ ਸਕਦੀ _ਕੇਂਦਰੀ ਕਿਸਾਨ ਭਲਾਈ ਮੰਤਰੀ ਭਗੀਰਥ ਚੌਧਰੀ
ਕਿਹਾ,ਹੜਾਂ ਦਾ ਸਥਾਈ ਹੱਲ ਕਰਨ ਦੇ ਕੱਢਣਗੇ ਉਪਾਅ, ਸੂਬਾ ਸਰਕਾਰ ਸਹੀ ਤਰੀਕੇ ਨਾਲ ਖਰਚ ਕਰੇ ਫੰਡ ਤਾਂ ਕਮੀ ਨਹੀਂ ਆਉਂਣ ਦੇਵਾਂਗੇ
ਰੋਹਿਤ ਗੁਪਤਾ
ਗੁਰਦਾਸਪੁਰ , 5 ਅਕਤੂਬਰ 2025 :
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਭਾਗੀਰਥ ਚੌਧਰੀ ਦੋ ਦਿਨਾਂ ਦੇ ਹੜ ਪੀੜਤ ਇਲਾਕਿਆਂ ਦੇ ਦੋਰੇ ਤੇ ਹਨ ਅਤੇ ਅੱਜ ਉਹ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਓਗਰਾਂ , ਠਾਕੁਰਪੁਰ, ਸ਼ਮਸ਼ੇਰਪੁਰ ਅਤੇ ਮਕੋੜਾ ਪੱਤਣ ਦੇ ਰਾਵੀ ਦਰਿਆ ਦੇ ਪਾਰ ਪੈਂਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਹੜ ਪੀੜਿਤ ਇਲਾਕਿਆਂ ਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਹੜਾਂ ਦੇ ਕਾਰਨਾਂ ਅਤੇ ਸਥਾਈ ਰੂਪ ਵਿੱਚ ਰੋਕਥਾਮ ਬਾਰੇ ਲੋਕਾਂ ਦੇ ਵਿਚਾਰ ਵੀ ਜਾਣੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਭਗੀਰਥ ਚੌਧਰੀ ਨੇ ਕਿਹਾ ਕਿ ਹੜਾਂ ਦਾ ਇੱਕ ਵੱਡਾ ਕਾਰਨ ਦਰਿਆ ਵਿੱਚੋਂ ਹੋ ਰਹੀ ਬੇਤਰਤੀਬ ਮਾਈਨਿੰਗ ਵੀ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਹੜਾਂ ਦੀ ਪੱਕੇ ਤੌਰ ਤੇ ਰੋਕਥਾਮ ਲਈ ਉਪਾਅ ਕਰਨ ਦੇ ਉਪਰਾਲੇ ਕਰੇਗੀ । ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਦਿਲ ਹੈ ਅਤੇ ਇਸ ਨਾਲ ਮਤਰਿਆ ਸਲੂਕ ਕੇਂਦਰ ਸਰਕਾਰ ਕਦੇ ਵੀ ਨਹੀਂ ਕਰ ਸਕਦੀ । ਕੇਂਦਰ ਵੱਲੋਂ ਦਿੱਤੀ ਜਾ ਰਹੀ ਗਰਾਂਟ ਬਾਰੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਸਹੀ ਤਰੀਕੇ ਨਾਲ ਪੈਸਾ ਖਰਚ ਕਰੇ ਤਾਂ ਗਰਾਂਟ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ।