ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਕਾਵਿ-ਸੰਗ੍ਰਹਿ ‘ਜਹਾਂ ਨਹੀਂ ਗਯਾ’ ਦੇ ਪੰਜਾਬੀ ਅਨੁਵਾਦ 'ਜਿੱਥੇ ਨਹੀਂ ਗਿਆ' 'ਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 01 ਜੁਲਾਈ 2025: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਾਹਿਤਕ ਸੱਥ, ਐੱਸ.ਏ.ਐੱਸ.ਨਗਰ ਵੱਲੋਂ ਕਲ੍ਹ ਹਿੰਦੀ ਕਵੀ ਸ਼੍ਰੀ ਅੰਮ੍ਰਿਤ ਰੰਜਨ ਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦਾ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ 'ਜਿੱਥੇ ਨਹੀਂ ਗਿਆ' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।
ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਕਾਵਿ-ਸੰਗ੍ਰਹਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਨਿਸ਼ਚਿਤ ਹੀ ਪੰਜਾਬੀ ਪਾਠਕਾਂ ਨੂੰ ਆਪਣੀਆਂ ਜੜ੍ਹਾਂ ਬਾਰੇ ਸੋਚਣ ਅਤੇ ਵਿਰਾਸਤ ਦੀ ਮਹੱਤਤਾ ਬਾਰੇ ਸਮਝਣ ਲਈ ਪ੍ਰੇਰਿਤ ਕਰੇਗਾ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਨੁਵਾਦਿਤ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ।
ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਸਾਹਿਤ ਅਕਾਦਮੀ ਪੁਰਸਕ੍ਰਿਤ ਲੇਖਕ ਤਰਸੇਮ ਬਰਨਾਲਾ ਨੇ ਕਿਹਾ ਕਿ ਕਵਿਤਾ ਦੀ ਸਿਰਜਣਾ ਇਕ ਔਖਾ ਕਾਰਜ ਹੈ ਅਤੇ ਕਵਿਤਾ ਦਾ ਅਨੁਵਾਦ ਕਰਨਾਤਾਂ ਹੋਰ ਵੀ ਕਠਿਨ ਹੁੰਦਾ ਹੈ ਤੇ ਗੁਰਿੰਦਰ ਕਲਸੀ ਨੇ ਇਹ ਕਾਰਜ ਬਾਖ਼ੂਬੀ ਸਿਰੇ ਚਾੜ੍ਹਿਆ ਹੈ।
ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਡਾ. ਪ੍ਰਭਾਤ ਰੰਜਨ ਨੇ ਕਿਹਾ ਕਿ ਨੌਜਵਾਨ ਕਵੀ ਅੰਮ੍ਰਿਤ ਰੰਜਨ ਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਅਦਬੀ ਖੇਤਰ ਲਈ ਸ਼ੁੱਭ ਸੰਕੇਤ ਹੈ।ਉਨ੍ਹਾਂ ਨੇ ਇਸ ਪੁਸਤਕ ਵਿਚਲੀ ਨਵੀਨਤਾ ਅਤੇ ਦਾਰਸ਼ਨਿਕਤਾ ਦੀ ਵੀ ਪ੍ਰਸੰਸਾ ਕੀਤੀ।
ਵਿਸ਼ੇਸ਼ ਮਹਿਮਾਨ ਪੁਸਤਕ ਦੇ ਮੂਲ ਹਿੰਦੀ ਕਵੀ ਅੰਮ੍ਰਿਤ ਰੰਜਨ ਨੇ ਬੜੇ ਕਾਵਿਕ ਅੰਦਾਜ਼ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਅਤੇ ਕਲਾ ਨਾਲ ਜੁੜੇ ਰਹਿਣਾ ਉਸਨੂੰ ਚੰਗਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਮੇਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਮਨਮੋਹਨ ਸਿੰਘ ਦਾਊਂ ਨੇ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆਂ ਕਿਹਾ ਕਿ ਸ਼ਾਇਰ ਹੋਣ ਕਾਰਨ ਗੁਰਿੰਦਰ ਕਲਸੀ ਨੇ ਇਨ੍ਹਾਂ ਕਵਿਤਾਵਾਂ ਦਾ ਬੜਾ ਸੋਹਣਾ ਅਨੁਵਾਦ ਕੀਤਾ ਹੈ, ਕਿਉਂਕਿ ਕਵਿਤਾ ਦੇ ਅਨੁਵਾਦ ਲਈ ਜਿਸ ਚਿੰਤਨ, ਕਲਪਨਾ ਅਤੇ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ, ਉਹ ਕੇਵਲ ਸ਼ਾਇਰ ਕੋਲ ਮੌਜੂਦ ਹੁੰਦੀ ਹੈ।
ਜਸਵਿੰਦਰ ਸਿੰਘ ਕਾਈਨੌਰ ਨੇ ਵੀ ਪਰਚਾ ਪੜ੍ਹਦਿਆਂ ਕਿਹਾ ਕਿਇਸ ਕਵਿਤਾ ਵਿਚਲੇ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ ਚਿਤਰਣ ਦਾ ਬਹੁਤ ਸਹੀ ਅਨੁਵਾਦ ਹੋਇਆ ਹੈ। ਕਵੀ ਲਿਪੀ ਦ ਮਹਾਂਦੇਵ ਨੇ ਕਿਹਾ ਕਿ ਇਸ ਕਵਿਤਾ ਵਿਚ ਦਾਰਸ਼ਨਿਕਤਾ ਦੇ ਨਾਲ-ਨਾਲ ਵਿਗਿਆਨਕ ਸੰਕਲਪ ਵੀ ਹਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਬੜਾ ਸਾਰਥਕ ਉੱਦਮ ਹੈ। ਡਾ਼ ਮੇਹਰ ਮਾਣਕ ਨੇ ਕਿ ਅਜੋਕੇ ਸਮੇਂ ਵਿਚ ਸੱਤਾ ਅਤੇ ਸਥਾਪਤੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਕਵਿਤਾ ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ। ਅਨੁਵਾਦਕ ਗੁਰਮਾਨ ਸੈਣੀ ਨੇ ਪੁਸਤਕ ਦੇ ਹਵਾਲੇ ਨਾਲ ਅਨੁਵਾਦ ਦੇ ਅਹਿਮ ਨੁਕਤਿਆਂ ਬਾਰੇ ਗੱਲ ਕੀਤੀ। ਅਨੁਵਾਦਕ ਗੁਰਿੰਦਰ ਸਿੰਘ ਕਲਸੀ ਨੇ ਇਸ ਕਵਿਤਾ ਦੀ ਚੋਣ ਅਤੇ ਅਨੁਵਾਦ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਅੰਮ੍ਰਿਤ ਰੰਜਨ ਦੇ ਪਿਤਾ ਰਾਜੇਸ਼ ਰੰਜਨ,ਡਾ. ਗੁਰਵਿੰਦਰ ਅਮਨ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਵੀ ਪੁਸਤਕ ਬਾਬਤ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮਾਗਮ ਵਿੱਚਰਣਜੀਤ ਕੌਰ ਸਵੀ , ਦਵਿੰਦਰ ਢਿੱਲੋਂ, ਗੁਰਦਰਸ਼ਨ ਸਿੰਘ ਮਾਵੀ, ਕੁਲਵਿੰਦਰ ਖ਼ੈਰਾਬਾਦ, ਨਰਿੰਦਰ ਲੌਂਗੀਆ, ਪਿਆਰਾ ਸਿੰਘ ਰਾਹੀ, ਹਰਜੀਤ ਸਿੰਘ, ਧਿਆਨ ਸਿੰਘ ਕਾਹਲੋਂ ਨੇ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿਚ ਸਾਹਿਤਕ ਸੱਥ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ। ਡਾ. ਦਵਿੰਦਰ ਸਿੰਘ ਬੋਹਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤ ਰੰਜਨ ਦੀ ਦਾਰਸ਼ਨਿਕ ਅਤੇ ਗੰਭੀਰ ਕਵਿਤਾ ਦੇ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤੇ ਢੁੱਕਵੇਂ ਅਨੁਵਾਦ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਯਤਿੰਦਰ ਕੌਰ ਮਾਹਲ ਨੇ ਕੀਤਾ।
ਇਸ ਮੌਕੇ ਜਗਤਾਰ ਸਿੰਘ, ਸੰਗੀਤਾ ਰੰਜਨ, ਰੋਹਿਨੀ, ਡਾ. ਰਾਜਿੰਦਰ ਸਿੰਘ ਕੁਰਾਲੀ, ਸਮਿੱਤਰ ਸਿੰਘ ਦੋਸਤ, ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਕੌਰ, ਹਰਸ਼ਵਰਧਨ ਸਿੰਘ, ਸਿਧੇਸ਼ ਸਿੰਘ ਵੱਲੋਂ ਵੀਸ਼ਿਰਕਤ ਕੀਤੀ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।