ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ 2025 : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਅੱਜ ਪੰਜਾਬ ਦੇ ਵਕਾਰੀ ਸਨਮਾਨ ਸਟੇਟ ਐਵਾਰਡ ਨਾਲ ਨਿਵਾਜਿਆ ਹੈ। ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਸੂਬਾ ਪੱਧਰੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਅਧਿਆਪਕ ਡਿੰਪਲ ਵਰਮਾ ਨੂੰ ਸਨਮਾਨ ਵਜੋਂ ਯਗਤਾ ਸਰਟੀਫਿਕੇਟ, ਸ਼ਾਲ ਅਤੇ ਮੈਡਲ ਭੇਂਟ ਕੀਤਾ ਹੈ। ਸਨਮਾਨ ਮਿਲਣ ਉਪਰੰਤ ਪਿੰਡ ਵਾਸੀਆਂ ਵਿੱਚ ਖੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ। ਡਿੰਪਲ ਵਰਮਾ ਨੂੰ ਇਹ ਸਨਮਾਨ ਮਿਲਣ ਦਾ ਕਾਰਨ ਮੁੱਖ ਤੌਰ ਤੇ ਉਨ੍ਹਾਂ ਵੱਲੋਂ ਸਕੂਲ ਵਿੱਚ ਕੰਪਿਊਟਰ ਦੇ ਕੀ ਬੋਰਡ ਦੇ ਰੂਪ ’ਚ ਬਣਵਾਈ ਸਟੇਜ ਰਹੀ ਜਿਸ ਦਾ ਅੱਜ ਸਟੇਟ ਐਵਾਰਡ ਹਾਸਲ ਕਰਨ ਮੌਕੇ ਵੀ ਵਿਸ਼ੇਸ਼ ਜਿਕਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੂਬਾ ਪੱਧਰ ਦੀ ਇਸ ਪ੍ਰਾਪਤੀ ਲਈ ਸਕੂਲ ਦੀ ਉੱਨਤੀ ਲਈ ਕੀਤੇ ਵੱਖ ਵੱਖ ਵਿਕਾਸ ਕਾਰਜ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਨੈਤਿਕ ਸਿੱਖਿਆ ਦੇ ਮਾਮਲੇ ’ਚ ਮੋਹਰੀ ਰਹਿਣਾ ਵੀ ਸਾਹਮਣੇ ਆਇਆ ਹੈ। ਡਿੰਪਲ ਵਰਮਾ ਦੇ ਇਸ ਸਨਮਾਨ ਤੱਕ ਪੁੱਜਣ ਦਾ ਇੱਕ ਹੋਰ ਅਹਿਮ ਕਾਰਨ ਪਿੰਡ ਵਾਸੀਆਂ , ਪੰਚਾਇਤ ਅਤੇ ਸਿੱਖਿਆ ਵਿਭਾਗ ਦਾ ਸਰਗਰਮ ਸਹਿਯੋਗ ਮਿਲਣਾ ਵੀ ਰਿਹਾ ਹੈ। ਡਿੰਪਲ ਵਰਮਾ ਨੇ 16 ਜਨਵਰੀ 2021 ਨੂੰ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਦੀ ਪਹਿਲੀ ਔਰਤ ਅਧਿਆਪਕਾ ਉਹ ਵੀ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ ਸੀ। ਪਿੰਡ ਵਾਸੀ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਸਕੂਲ ਦੇ ਕਮਰਿਆਂ ਅਤੇ ਚਾਰ ਦਿਵਾਰੀ ਦੀ ਹਾਲਤ ਖਸਤਾ ਸੀ। ਸਕੂਲ ’ਚ ਸੁਧਾਰ ਕਰਨ ਲਈ ਆਪਣੀ ਰਣਨੀਤੀ ਤਹਿਤ ਸਟਾਫ ਦੇ ਸਹਿਯੋਗ ਨਾਲ ਵੱਖ ਵੱਖ ਕੰਮ ਸ਼ੁਰੂ ਕੀਤੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ,ਪੰਚਾਇਤ ਅਤੇ ਪਿੰਡ ਵਾਸੀਆਂ ਦਾ ਥਾਪੜਾ ਮਿਲਿਆ। ਬੱਚਿਆਂ ਦੀ ਡਿਜੀਟਲ ਸਿੱਖਿਆ ਵੱਲ ਰੁਚੀ ਬਨਾਉਣ ਲਈ ਉਨ੍ਹਾਂ ਕੀ ਬੋਰਡ ਦੇ ਰੂਪ ’ਚ ਸਟੇਜ ਤਿਆਰ ਕਰਵਾੲਂੀ। ਪੰਜਾਬ ਦੀ ਇਹ ਪਹਿਲੀ ਸਟੇਜ ਹੈ ਜਿੱਥੇ ਵਿਦਿਆਰਥੀ ਨੁੱਕੜ ਨਾਟਕ ਅਤੇ ਊੁਸਾਰੂ ਗਤੀਵਿਧੀਆਂ ਕਰਦੇ ਹਨ। ਡਿੰਪਲ ਵਰਮਾ ਦੀ ਅਗਵਾਈ ਹੇਠ ਸੂਬਾ ਪੱਧਰ ਦੇ ਕਲਾ ਉਤਸਵ ਮੁਕਾਬਲਿਆਂ ਦੌਰਾਨ ‘ਇੰਡਿਜਿਨਸ ਟੋਇਜ਼ ਐਂਡ ਗੇਮਜ਼’ ਵਰਗ ਵਿੱਚ ਇੱਕ ਮਜ਼ਦੂਰ ਪ੍ਰੀਵਾਰ ਦੀ ਧੀਅ ਵਿਦਿਆਰਥਣ ਕਮਲੇਸ਼ ਰਾਣੀ ਨੇ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਿਨਾਂ ਵੀ ਸਕੂਲ ਦੀਆਂ ਕਈ ਪ੍ਰਾਪਤੀਆਂ ਹਨ ਜਿੰਨ੍ਹਾਂ ’ਚ ਡਿੰਪਲ ਵਰਮਾ ਦੀ ਅਗਵਾਈ ਬੋਲਦੀ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਭਲਾਈਆਣਾ ’ਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਸੂਬਾ ਪੱਧਰੀ ਤੀਜ ਸਮਾਗਮਾਂ ਨੂੰ ਨੇਪਰੇ ਚੜ੍ਹਾਉਣ ਵਾਲਿਆਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਹੈ।
ਡਿੰਪਲ ਵਰਮਾ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਲਗਤਾਰ ਵਧਾਈਆਂ ਮਿਲ ਰਹੀਆਂ ਹਨ। ਅੱਜ ਵੀ ਆਪਣੀ ਪਹਿਲੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਡਿੰਪਲ ਵਰਮਾ ਨੇ ਕਿਹਾ ਕਿ ਇਸ ਸਨਮਾਨ ਨੇ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ ਜਿਸ ਨੂੰ ਨਿਭਾਉਣ ਲਈ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ’ਚ ਅਹਿਮ ਯੋਗਦਾਨ ਸਟਾਫ ਅਤੇ ਪਿੰਡ ਵਾਸੀਆਂ ਦਾ ਰਿਹਾ ਹੈ ਜਿੰਨ੍ਹਾਂ ਨੇ ਹਰ ਕਦਮ ਤੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ , ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ , ਹਲਕਾ ਵਿਧਾਇਕ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਜਸਪਾਲ ਮੌਗਾਂ, ਡਿਪਟੀ ਡੀਈਓ ਰਜਿੰਦਰ ਸੋਨੀ , ਜਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਰਹੇ ਮੌਜੂਦਾ ਜਿਲ੍ਹਾ ਸਿੱਖਿਆ ਅਫਸਰ ਫਾਜਿਲਕਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।