ਡੂੰਘੀ ਛਾਪ ਛੱਡ ਗਿਆ ' ਕੌਮਾਂਤਰੀ ਪੰਜਾਬੀ ਕਾਫ਼ਲਾ , ਇਟਲੀ ' ਵੱਲੋਂ ਕਰਵਾਇਆ ਗਿਆ ਪਲੇਠਾ ਕਵੀ ਦਰਬਾਰ
ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2025:ਪੰਜਾਬੀ ਮਾਂ ਬੋਲੀ ਨੂੰ ਪੂਰਨ ਤੌਰ ਤੇ ਸਮਰਪਿਤ ' ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ' ਵੱਲੋਂ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਉੱਨੀਂ ਕਵੀ-ਕਵਿਤ੍ਰੀਆਂ ਨੇ ਭਾਗ ਲਿਆ। ਕੌਮਾਂਤਰੀ ਪੰਜਾਬੀ ਕਾਫ਼ਲਾ ਦੇ ਸਰਪ੍ਰਸਤ ਬਿੰਦਰ ਕੋਲੀਆਂਵਾਲ ਨੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਆਏ ਸਾਰੇ ਕਵੀਆਂ -ਕਵਿਤ੍ਰੀਆਂ ਨੂੰ ਜੀ ਆਇਆਂ ਆਖਿਆ ਤੇ ਉਸ ਪ੍ਰਮਾਤਮਾ ਮੂਹਰੇ ਅਰਜ਼ ਕਰਦਿਆਂ ਕਿਹਾ "ਹੱਦਾਂ ਸਰਹੱਦਾਂ ਨੂੰ ਤੋੜਦਿਆਂ ਮਿੱਟਣ ਲੱਗਾ ਏ ਫਾਸਲਾ, ਇਸੇ ਤਰ੍ਹਾਂ ਸਲਾਮਤ ਰੱਖੀ ਮਾਲਕਾ ਇਹ
'' ਕੌਮਾਂਤਰੀ ਪੰਜਾਬੀ ਕਾਫ਼ਲਾ ।"
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਮੁਖਤਾਰ ਸਿੰਘ ਚੰਦੀ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਭ ਦਾ ਮਨ ਮੋਹਿਆ। ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾ ਸੱਦਾ ਕਵੀ ਗੁਰਚਰਨ ਸਿੰਘ ਜੋਗੀ ਨੂੰ ਦਿੱਤਾ। ਉਹਨਾਂ ਨੇ ਆਪਣੀ ਗ਼ਜ਼ਲ ਦੇ ਸ਼ੇਅਰ 'ਤੇਰੇ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ ।ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬੇਹਤਰ ਜਾਣਦਾ ਹਾਂ। " ਨਾਲ ਖੂਬ ਵਾਹ-ਵਾਹ ਖੱਟੀ। ਉਸ ਤੋਂ ਬਾਅਦ ਹਰਸ਼ਰਨ ਕੌਰ ਨੇ ਆਪਣੀ ਖੁੱਲ੍ਹੀ ਕਵਿਤਾ ਨਾਲ ਸਭ ਦਾ ਮਨ ਮੋਹਿਆ। ਇਟਲੀ ਵਸਦੇ ਗੀਤਕਾਰ ਗੁਰਮੀਤ ਸਿੰਘ ਮੱਲ੍ਹੀ ਨੇ ਖੂਬਸੂਰਤ ਗੀਤ "ਮੈਂ ਕਿੰਝ ਕਹਾਂ ਮੇਰੇ ਬਾਪੂ ਨੇ, ਮੇਰੇ ਲਈ ਕੁੱਝ ਵੀ ਕੀਤਾ ਨਹੀਂ " ਰਾਹੀਂ ਇੱਕ ਬਾਪ ਦੀ ਮਿਹਨਤ ਅਤੇ ਸਮਰਪਣ ਦਾ ਗੁਣਗਾਨ ਕੀਤਾ।
ਸਰਬਜੀਤ ਸਿੰਘ ਜਰਮਨੀ ਨੇ "ਜਦ ਵਿੱਚ ਨਨਕਾਣੇ ਦੇ ਸਾਡਾ ਬਾਬਾ ਨਾਨਕ ਆਇਆ " ਨਾਲ ਆਪਣੀ ਹਾਜ਼ਰੀ ਲਗਵਾਈ। ਅੰਜੂ ਅਮਨਦੀਪ ਗਰੋਵਰ ਵੱਲੋਂ "ਫਿਰ ਰੁੱਸੇ ਨੂੰ ਮਨਾਉਂਦੀਆਂ ਨੇ ਪਿਆਰ ਦੀਆਂ ਗੱਲਾਂ" ਨਾਲ ਸਭ ਦਾ ਧਿਆਨ ਆਪਣੀ ਕਵਿਤਾ ਵੱਲ ਖਿੱਚਿਆ। ਗਾਇਕ ਮੰਗਤ ਖਾਨ ਨੇ ਆਪਣੀ ਸਾਵਣ ਫੇਰੀ ਵਿੱਚ "ਮਾਂਵਾਂ ਬਿਨ ਘਰ ਆ ਕੇ ਧੀਆਂ ਮੁੜ ਚੱਲੀਆਂ " ਵਿੱਚ ਧੀਆਂ ਦਾ ਦਰਦ ਬਿਆਨ ਕੀਤਾ। ਪੋਲੀ ਬਰਾੜ ਨੇ "ਕੁਦਰਤ ਦੇ ਰੰਗ ਨਿਆਰੇ" ਨਾਲ ਵਾਹ-ਵਾਹ ਖੱਟੀ। ਮੋਤੀ ਸ਼ਾਇਰ ਨੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਿਆਨ ਕਰਦਿਆਂ ਆਪਣੀ ਕਵਿਤਾ ' ਆਖ਼ਰੀ ਇੱਛਾ ' ਸੁਣਾਈ ਜਿਸਦੇ ਬੋਲ
"ਤੂੰ ਇੱਕ ਰੁੱਖ ਲਾਵੀਂ ਲਿਖਕੇ ਮੇਰਾ ਨਾਂ " ਸਭ ਦੇ ਦਿਲਾਂ ਨੂੰ ਟੁੰਬ ਗਏ । ਉਸ ਤੋਂ ਬਾਅਦ ਅੰਮ੍ਰਿਤਪਾਲ ਕਲੇਰ ਨੇ ਆਪਣੇ ਗੀਤ "ਅਸੀਂ ਕੰਮੀਆਂ ਦੇ ਪੁੱਤ" ਰਾਹੀ ਗਰੀਬਾਂ ਦੇ ਦਿਲ ਦੀ ਹੂਕ ਨੂੰ ਬਾਖ਼ੂਬੀ ਬਿਆਨ ਕੀਤਾ। ਕਵੀ ਦਰਬਾਰ ਨੂੰ ਅੱਗੇ ਤੋਰਦੇ ਹੋਏ ਅਮਨਬੀਰ ਸਿੰਘ ਧਾਮੀ ਨੇ "ਨਾ ਰੁੱਕੇ ਨਾ ਰੁੱਕਣੇ ਕਾਫ਼ਲੇ ਜੋ ਤੁਰ ਪਏ ਇੱਕ ਵਾਰ ਨੇ" ਨਾਲ ਸਭ ਨੂੰ ਕੀਲਿਆ। ਰਾਣਾ ਅਠੌਲਾ ਨੇ ਦੋਹਾਂ ਲਿੱਪੀਆਂ ਦੀ ਗੱਲ ਕਰਦਿਆਂ "ਜਿਹਦੇ ਕੋਲ ਦੋ ਲਿੱਪੀਆਂ ਦੇ ਦੋ ਰੂਪ ਨੇ ਸਾਡੀ ਹੈ ਮਾਂ ਬੋਲੀ ਓਹ ਪੰਜਾਬੀ ਜੱਗ ' ਤੇ" ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਜਸਵਿੰਦਰ ਕੌਰ ਮਿੰਟੂ ਨੇ "ਮਾਂ ਬੋਲੀ ਦੇ ਵਾਰਸੋਂ ਮੇਰੀ ਸੁਣ ਲਓ ਪੁਕਾਰ" ਨਾਲ ਹਾਜ਼ਰੀ ਭਰੀ। ਡਾ.ਸੁਰਜੀਤ ਕੌਰ ਭੋਗਪੁਰ ਨੇ ਵਾਤਾਵਰਣ ਨੂੰ ਸਮਪਰਿਤ ਰਚਨਾ "ਲੋਕੀਂ ਕਹਿੰਦੇ ਸਾਹ ਰੁੱਕਦੇ ਨੇ ਗੌਰ ਨਾਲ ਦੇਖੋ ਰੁੱਖ ਮੁੱਕਦੇ ਨੇ" ਨਾਲ ਸੱਚਾਈ ਬਿਆਨ ਕੀਤੀ। ਗਾਇਕ ਮਹਿੰਦਰ ਸਿੰਘ ਝੱਮਟ ਨੇ ਆਪਣੇ ਗੀਤ "ਨੀ ਤੇਰੇ ਇਸ਼ਕ ਹੁਸਨ ਦੇ ਚਰਚੇ ਚਾਰ ਚੁਫੇਰੇ" ਨਾਲ ਬੱਲੇ-ਬੱਲੇ ਕਰਵਾਈ। ਪਰਵਿੰਦਰ ਸਿੰਘ ਹੇਅਰ "ਅਰਜ਼ ਗੁਜਾਰਾਂ ਮੈਂ ਦੁਆਰ ਤੇਰੇ ਦਾਤਿਆ।
ਸੁਖੀ ਵਸੇ ਸਾਰਾ ਸੰਸਾਰ ਮੇਰੇ ਦਾਤਿਆ"
ਨਾਲ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਜੋਈ ਕੀਤੀ। ਕਵੀ ਸੁਖਵਿੰਦਰ ਸਿੰਘ ਨੇ "ਦੁਸ਼ਮਣ ਨੂੰ ਅਸੀਂ ਯਾਰ ਬਣਾ ਕੇ ਬੈਠੇ ਹਾਂ। ਚੋਰਾਂ ਨੂੰ ਚੌਕੀਦਾਰ ਬਣਾ ਕੇ ਬੈਠੇ ਹਾਂ " ਨਾਲ ਆਪਣੀ ਹਾਜ਼ਾਰੀ ਲਗਵਾਈ। ਕਵੀ ਦਰਬਾਰ ਦੇ ਆਖਰੀ ਪੜਾਅ ਵੱਲ ਨੂੰ ਵੱਧਦਿਆਂ ਬਿੰਦਰ ਕੋਲੀਆਂ ਵਾਲ ਨੇ ਆਪਣੇ ਗੀਤ "ਮਾਏਂ ਨੀ ਸੁਣ ਸੁਣ ਮੇਰੀਏ ਮਾਏਂ, ਮੇਰੇ ਦਰਦ ਲੰਬੇਰੇ" ਨਾਲ ਸਭ ਦਾ ਮਨ ਮੋਹਿਆ। ਪ੍ਰੋਗਰਾਮ ਦੇ ਆਖੀਰ ਵਿੱਚ ਆਪਣੀ ਹਾਜ਼ਰੀ ਭਰਦੇ ਹੋਏ ਸੁਫ਼ੀਆਨਾ ਅੰਦਾਜ਼ ਵਿੱਚ ਮੁਖਤਾਰ ਸਿੰਘ ਚੰਦੀ ਨੇ "ਜਗਾ ਲੈ ਗਿਆਨ ਦਾ ਦੀਵਾ ਹਨੇਰਾ ਦੂਰ ਕਰਨਾ ਜੇ" ਕਵੀ ਦਰਬਾਰ ਨੂੰ ਸਿਖ਼ਰਾ ਤੇ ਪਹੁੰਚਾ ਦਿੱਤਾ। ਸਾਰੇ ਕਵੀ ਦਰਬਾਰ ਵਿੱਚ ਜਿੱਥੇ ਮੁਖਤਾਰ ਸਿੰਘ ਚੰਦੀ ਜੀ ਨੇ ਆਪਣੀ ਸ਼ਾਇਰੀ ਨਾਲ ਕਵੀਆਂ ਦੇ ਮਨਾਂ ਨੂੰ ਟੁੰਬਿਆ ਉੱਥੇ ਹਾਜ਼ਰ ਕਵੀ ਦਾਦ ਦੇਣ ਤੋਂ ਪਿੱਛੇ ਨਾ ਰਹਿ ਸਕੇ। ਲਾਇਵ ਚੱਲਦੇ ਇਸ ਕਵੀ ਦਰਬਾਰ ਨੂੰ ਸੁਣ ਰਹੇ ਸਰੋਤਿਆਂ ਦੇ ਸੁਨੇਹੇ ਵੀ ਕਵੀਆਂ ਨੂੰ ਹੱਲਾ-ਸ਼ੇਰੀ ਦੇਂਦੇ ਰਹੇ। ਇੰਗਲੈਂਡ ਤੋਂ ਕਵੀ ਨਛੱਤਰ ਭੋਗਲ ਭਾਖੜੀਆਣਾ ਵੀ ਹਾਜ਼ਰ ਸਨ ਪਰ ਕਿਸੇ ਜ਼ਰੂਰੀ ਰੁਝੇਵੇਂ ਕਾਰਣ ਉਹਨਾਂ ਨੂੰ ਪਹਿਲਾਂ ਹੀ ਜਾਣਾ ਪੈ ਗਿਆ। ਜਿਸ ਕਾਰਣ ਉਹ ਆਪਣੀ ਕਵਿਤਾ ਰਾਹੀਂ ਹਾਜ਼ਰੀ ਨਹੀਂ ਲਗਾ ਸਕੇ! ਉਹਨਾਂ ਇਸ ਦੀ ਸੂਚਨਾ ਸੁਨੇਹੇ ਰਾਹੀਂ ਬਿੰਦਰ ਕੋਲੀਆਂ ਵਾਲ ਨੂੰ ਭੇਜੀ ਹੈ।