ਅਦਾਲਤੀ ਹੁਕਮ: ਹੁਣ ਧੀਰਜ ਦਾ ਖੋਖਾ ਨਹੀਂ ਢਾਹ ਸਕੇਗੀ ਨਗਰ ਕੌਂਸਲ ਗੋਨਿਆਣਾ
ਅਸ਼ੋਕ ਵਰਮਾ
ਬਠਿੰਡਾ, 18 ਮਈ 2025: ਜ਼ਿਲ੍ਹਾ ਅਦਾਲਤ ਬਠਿੰਡਾ ਨੇ ਨਗਰ ਕੌਂਸਲ ਗੋਨਿਆਣਾ ਵੱਲੋਂ ਧੀਰਜ ਕੁਮਾਰ ਦਾ ਖੋਖਾ ਢਾਹੁਣ ਦੇ ਮਾਮਲੇ ਤੇ ਰੋਕ ਲਾ ਦਿੱਤੀ ਹੈ। ਹੁਣ ਜਦੋਂ ਤੱਕ ਅਦਾਲਤ ਆਪਣਾ ਅੰਤਿਮ ਫੈਸਲਾ ਨਹੀਂ ਸੁਣਾ ਦਿੰਦੀ ਤਦ ਤੱਕ ਇਹ ਖੋਖਾ ਢਾਹੁਣ ਤੇ ਰੋਕ ਬਰਕਰਾਰ ਰਹੇਗੀ।
ਧੀਰਜ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਗੋਨਿਆਣਾ ਮੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਗੁਨਿਆਣਾ ਮੰਡੀ ਵਿਖੇ ਇੱਕ ਅਸਥਾਈ ਖੋਖੇ ਵਿੱਚ ਸਾਈਕਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ।। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸਦੇ ਪਿਤਾ ਵੀ ਇੱਥੇ ਇਹੋ ਹੀ ਕੰਮ ਕਰਦੇ ਹੁੰਦੇ ਸਨ। ਉਨਾਂ ਦੱਸਿਆ ਕਿ ਨਗਰ ਕੌਂਸਲ ਗੋਨਿਆਣਾ ਹੁਣ ਇਹ ਖੋਖਾ ਢਾਹੁਣਾ ਚਾਹੁੰਦੀ ਸੀ ਜੋ ਕਿ ਉਸਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕੋ ਇੱਕ ਸਰੋਤ ਹੈ। ਉਹਨਾਂ ਦੱਸਿਆ ਕਿ ਜਦੋਂ ਨਗਰ ਕੌਂਸਲ ਨੇ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਉਹਨਾਂ ਨੇ ਇਸ ਸਬੰਧ ਵਿੱਚ ਆਪਣੇ ਵਕੀਲ ਰਾਮ ਮਨੋਹਰ ਰਾਹੀਂ ਜ਼ਿਲ੍ਹਾ ਅਦਾਲਤ ਬਠਿੰਡਾ ਅੱਗੇ ਇਨਸਾਫ ਲਈ ਗੁਹਾਰ ਲਾਈ ਸੀ।
ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਲੰਘੇ ਸਾਲ 30 ਅਗਸਤ 2024 ਨੂੰ ਜ਼ਿਲ੍ਹਾ ਅਦਾਲਤ ਬਠਿੰਡਾ ਨੇ ਧੀਰਜ ਕੁਮਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਉਹਨਾਂ ਦੱਸਿਆ ਕਿ ਹੁਣ ਇੱਕ ਵਾਰ ਫਿਰ ਜ਼ਿਲ੍ਹਾ ਅਦਾਲਤ ਨੇ ਧੀਰਜ ਕੁਮਾਰ ਨੂੰ ਉਹ ਰਾਹਤ ਦਿੰਦਿਆਂ ਇਹ ਰੋਕ ਲਾ ਦਿੱਤੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਨਗਰ ਕੌਂਸਲ ਗੋਨਿਆਣਾ ਧੀਰਜ ਕੁਮਾਰ ਦੇ ਖੋਖੇ ਸਬੰਧੀ ਕੋਈ ਦਖਲ ਅੰਦਾਜੀ ਨਾ ਕਰੇ। ਅਦਾਲਤ ਨੇ ਵਕੀਲ ਰਾਮ ਮਨੋਹਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕੇਸ ਦੇ ਆਖਰੀ ਫੈਸਲੇ ਤੱਕ ਨਗਰ ਕੌਸਲ ਗੋਨਿਆਣਾ ਨੂੰ ਧੀਰਜ ਕੁਮਾਰ ਦੇ ਇਸ ਖੋਖੇ ਨੂੰ ਢਾਹੁਣ ਤੋਂ ਵੀ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਗੋਨਿਆਣਾ ਦੇ ਦੋ ਮਾਮਲਿਆਂ ਵਿੱਚ ਖੋਖਾ ਮਾਲਕਾਂ ਦੇ ਹੱਕ ਵਿੱਚ ਫੈਸਲਾ ਸੁਣਾ ਚੁੱਕੀ ਹੈ ਜਿਨਾਂ ਦੇ ਮਾਮਲਿਆਂ ਦੀ ਪੈਰਵਾਈ ਵੀ ਵਕੀਲ ਰਾਮ ਮਨੋਹਰ ਵੱਲੋਂ ਕੀਤੀ ਗਈ ਸੀ।