Babushahi Special: ਸਿਆਸੀ ਸ਼ਹਿ ਤੇ ਬੱਕਰੀਆਂ ਦੇ ਨਾਲ ਝਟਕਾ ਦਿੱਤੀਆਂ ਹਜ਼ਾਰਾਂ ਬੱਕਰੀ ਪਾਲਕ ਪ੍ਰੀਵਾਰਾਂ ਦੀਆਂ ਖੁਸ਼ੀਆਂ
- ਮਾਮਲਾ ਤੁੰਗਵਾਲੀ ਵਿੱਚ ਲੱਗਦੀ ਬੱਕਰੀ ਮੰਡੀ ਦਾ
ਅਸ਼ੋਕ ਵਰਮਾ
ਬਠਿੰਡਾ, 18 ਮਈ 2025: ਕਥਿਤ ਸਿਆਸੀ ਸ਼ਹਿ ’ਤੇ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਧੀਨ ਆਉਂਦੇ ਪਿੰਡ ਤੁੰਗਵਾਲੀ ਦੀ ਬੱਕਰਾ ਮੰਡੀ ਬੰਦ ਕਰਵਾਉਣ ਨਾਲ ਇਕੱਲੇ ਪੰਜਾਬ ਦੇ ਹਜ਼ਾਰਾਂ ਦੀ ਤਾਦਾਦ ’ਚ ਬੱਕਰੀ ਪਾਲਕਾਂ ਦੀ ਰੋਜੀ ਰੋਟੀ ਦਾ ਸੰਕਟ ਬਣ ਗਿਆ ਹੈ। ਲੰਘੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਨੇ ਤੁੰਗਵਾਲੀ ਦੀ ਬੱਕਰਾ ਮੰਡੀ ਬੰਦ ਕਰਵਾ ਦਿੱਤੀ ਹੈ। ਇਲਾਕੇ ਵਿੱਚ ਚੁੰਝ ਚਰਚਾ ਹੈ ਕਿ ਹਾਕਮ ਧਿਰ ਦੇ ਇੱਕ ਪ੍ਰਭਾਵਸ਼ਾਲੀ ਆਗੂ ਦੇ ਕਥਿਤ ਇਸ਼ਾਰੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਚਰਚਾਵਾਂ ਮੁਤਾਬਕ ਲੋਕ ਬੱਕਰਾ ਮੰਡੀ ਬੰਦ ਕਰਨ ਨੂੰ ਰਾਮਾ ਰਿਫਾਇਨਰੀ ਤੋਂ ਬਾਅਦ ਭੁੱਚੋ ਮੰਡੀ ਹਲਕੇ ਵਿੱਚ ਕਥਿਤ ਗੁੰਡਾ ਟੈਕਸ ਦੀ ਦਸਤਕ ਨਾਲ ਜੋੜਕੇ ਦੇਖ ਰਹੇ ਹਨ। ਉਂਜ ਬਠਿੰਡਾ ਪ੍ਰਸ਼ਾਸ਼ਨ ਨੇ ਇਸ ਚੁੰਝ ਚਰਚਾ ਨੂੰ ਪੂਰੀ ਤਰਾਂ ਬੇਬੁਨਿਆਦ ਕਰਾਰ ਦਿੰਦਿਆਂ ਇਹ ਕਾਰਵਾਈ ਨਿਯਮਾਂ ਅਨਸਾਰ ਕੀਤੀ ਕਰਾਰ ਦਿੱਤਾ ਹੈ।

ਤੁੰਗਵਾਲੀ ਮੰਡੀ ’ਚ ਕਾਰੋਬਾਰ ਲਈ ਆਉਣ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਰੁਜ਼ਗਾਰ ਖੁੱਸਣ ਦਾ ਖਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੀ ਰੋਜ਼ੀ ਰੋਟੀ ਹੀ ਪ੍ਰਭਾਵਿਤ ਨਹੀਂ ਹੋਣੀ ਕਰੋੜਾਂ ਰੁਪਏ ਦੇ ਬੱਕਰੇ ਬੱਕਰੀਆਂ ਨੂੰ ਮਿੱਟੀ ਦੇ ਭਾਅ ਵੇਚਣਾ ਪਵੇਗਾ ਜੋਕਿ ਆਰਥਿਕ ਤੌਰ ਤੇ ਬੱਕਰੀ ਪਾਲਕਾਂ ਲਈ ਵੱਡੀ ਸੱਟ ਹੈ। ਮਲੇਰਕੋਟਲਾ ਤੋਂ ਆਉਣ ਵਾਲੇ ਬੱਕਰੀਆਂ ਦੇ ਵਪਾਰੀ ਜ਼ਮੀਲ ਅਹਿਮਦ ਨੇ ਦੱਸਿਆ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਲਹਿਰ ਚਲਾ ਰਹੇ ਹਨ ਪਰ ਕੁੱਝ ਰਸੂਖਵਾਨ ਸਵੈਰੁਜ਼ਗਾਰ ਦੇ ਰਾਹ ਪਏ ਲੋਕਾਂ ਨੂੰ ਬੇਰੁਜ਼ਗਾਰ ਕਰਨ ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਦਖਲ ਦੇ ਕੇ ਤੁੰਗਵਾਲੀ ਦੀ ਬੱਕਰਾ ਮੰਡੀ ਨੂੰ ਤੁਰੰਤ ਚਾਲੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਹਜ਼ਾਰਾਂ ਪ੍ਰੀਵਾਰਾਂ ਦੇ ਚੁੱਲ੍ਹੇ ਠੰਢੇ ਹੋਣ ਤੋਂ ਬਚ ਸਕਣ।
ਦੱਸਣਯੋਗ ਹੈ ਕਿ ਬਠਿੰਡਾ ਜਿਲ੍ਹੇ ਦੇ ਵੱਡੇ ਪਿੰਡ ਤੁੰਗਵਾਲੀ ਵਿਖੇ ਪਿੰਡ ਦੇ ਨੌਜਵਾਨ ਬਲਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਾਲ 2017 ਤੋਂ ਹਰ ਵੀਰਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਰਹੀ ਸੀ। ਸੂਤਰ ਦੱਸਦੇ ਹਨ ਕਿ ਪਿਛਲੇ ਕਰੀਬ ਤਿੰਨ ਚਾਰ ਸਾਲਾਂ ਤੋਂ ਤੁੰਗਵਾਲੀ ਦੀ ਬੱਕਰਾ ਮੰਡੀ ਕੁੱਝ ਸਿਆਸੀ ਅੱਖਾਂ ਵਿੱਚ ‘ ਰੜਕਦੀ’ ਆ ਰਹੀ ਸੀ। ਸੂਤਰਾਂ ਨੇ ਦੱਸਿਆ ਹੈ ਕਿ ਬੱਕਰਾ ਮੰਡੀ ਬੰਦ ਕਰਵਾਉਣ ਦੀਆਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਸਨ ਜਿੰਨ੍ਹਾਂ ਦੇ ਅਧਾਰ ਤੇ ਇੱਕ ਵਾਰ ਅੰਸ਼ਿਕ ਸਫਲਤਾ ਮਿਲ ਵੀ ਗਈ ਪਰ ਮਗਰੋਂ ਫਿਰ ਮੰਡੀ ਲੱਗਣ ਲੱਗ ਪਈ ਸੀ। ਮੰਡੀ ਲਾਉਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕੱਲੇ ਬਠਿੰਡਾ ਜਿਲ੍ਹੇ ’ਚ 30 ਤੋਂ 35 ਹਜ਼ਾਰ ਬੱਕਰੀ ਪਾਲਕ ਹਨ ਜਦੋਂਕਿ ਪੰਜਾਬ ’ਚ ਇਹ ਗਿਣਤੀ 10 ਲੱਖ ਤੋਂ ਵੱਧ ਹੈ ਜਿੰਨ੍ਹਾਂ ਦੇ ਪ੍ਰੀਵਾਰਾਂ ਦੀ ਰੋਜੀ ਰੋਟੀ ਇਸ ਕਾਰੋਬਾਰ ਨਾਲ ਚੱਲਦੀ ਹੈ।
ਬਲਵਿੰਦਰ ਸਿੰਘ ਦੱਸਦੇ ਹਨ ਕਿ ਮੰਡੀ ਵਿੱਚ ਨਾਂ ਕੇਵਲ ਪੰਜਾਬ ਬਲਕਿ ਮਹਾਂਰਾਸ਼ਟਰ ,ਕਰਨਾਟਕਾ,ਕੇਰਲਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਆਦਿ ਸੂਬਿਆਂ ਤੋਂ ਬੱਕਰੀ ਪਾਲਕ ਸ਼ਮੂਲੀਅਤ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ30 ਤੋਂ 35 ਹਜ਼ਾਰ ਰੁਪਏ ਤੱਕ ਬੱਕਰੀ ਵਿਕਣ ਲੱਗੀ ਹੈ ਜਿਸ ਦੇ ਪੂਰੀ ਤਰਾਂ ਬੰਦ ਹੋਣ ਦੀ ਸੂਰਤ ਵਿੱਚ ਇਹੋ ਬੱਕਰੀਆਂ ਝਟਕਈਆਂ ਦੀਆਂ ਦੁਕਾਨਾਂ ਤੇ ਮਾਸ ਵਜੋਂ ਕੌਡੀਆਂ ਦੇ ਭਾਅ ਵਿਕਣ ਲੱਗ ਜਾਣਗੀਆਂ। ਜਾਣਕਾਰੀ ਅਨੁਸਾਰ ਮੰਡੀ ਵਾਲੇ ਦਿਨ 10 ਤੋਂ 15 ਹਜ਼ਾਰ ਲੋਕ ਖਰੀਦੋ ਫਰੋਖਤ ਕਰਨ ਲਈ ਆਉਂਦੇ ਸਨ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਮੰਡੀ ’ਚ ਆਉਣ ਵਾਲਿਆਂ ਲਈ ਮੁਫਤ ਲੰਗਰ,ਚਾਹ ਪਾਣੀ ਅਤੇ ਠਹਿਰਣ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਸਨ। ਮੰਡੀ ’ਚ ਸ਼ਾਮਲ ਹੋਣ ਵਾਲਿਆਂ ਤੋਂ ਕਾਰਾਂ ਜਾਂ ਹੋਰ ਗੱਡੀਆਂ ਪਾਰਕ ਕਰਨ ਦੇ ਇਵਜ਼ ’ਚ ਸੁਰੱਖਿਆ ਖਾਤਰ ਨਿਗੂਣੀ ਜਿਹੀ 10 ਰੁਪਏ ਪਾਰਕਿੰਗ ਫੀਸ ਵਜੋਂ ਵਸੂਲੇ ਜਾਂਦੇ ਸਨ।
ਕੁਲਫੀਆਂ ਤੇ ਬਰਗਰਾਂ ਦੀ ਮੰਡੀ
ਤੁੰਗਵਾਲੀ ’ਚ ਸਿਰਫ ਬੱਕਰਾ ਮੰਡੀ ਹੀ ਨਹੀਂ ਲੱਗਦੀ ਸੀ ਬਲਕਿ ਮੰਡੀ ’ਚ ਇਕੱਠ ਦੇ ਮੱਦੇਨਜ਼ਰ ਹਰ ਵੀਰਵਾਰ ਨੂੰ ਦੂਰੋ ਨੇੜਿਓਂ ਪੀਜ਼ਾ ਬਰਗਰ, ਗਰਮੀ ਕਾਰਨ ਵਿਕਣ ਵਾਲੇ ਕੋਲਡ ਡਰਿੰਕ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਤੋਂ ਇਲਾਵਾ ਬੱਕਰੀਆਂ ਸ਼ਿਗਾਰਨ ਵਾਲੇ ਸਮਾਨ ਜਾਂ ਫਿਰ ਸੋਟੀਆਂ ਆਦਿ ਦੀ ਵਿੱਕਰੀ ਕਰਨ ਵਾਲਿਆਂ ਦਾ ਦਿਨ ਚੜ੍ਹਦਿਆਂ ਹੀ ਤਾਂਤਾ ਲੱਗਣ ਲੱਗ ਜਾਂਦਾ ਸੀ। ਭੁੱਚੋ ਮੰਡੀ ਦੇ ਇੱਕ ਰੇਹੜੀ ਚਾਲਕ ਨੇ ਦੱਸਿਆ ਕਿ ਜਿੰਨੀਂ ਕਮਾਈ ਉਹ ਮੰਡੀ ਵਿੱਚ ਛੇ ਦਿਨਾਂ ’ਚ ਕਰਦਾ ਸੀ ਓਨੀਂ ਇਕੱਲੇ ਵੀਰਵਾਰ ਨੂੰ ਹੋ ਜਾਂਦੀ ਸੀ। ਉਸ ਸਰਕਾਰ ਨੂੰ ਗਰੀਬਾਂ ਵੱਲ ਦੇਖਣ ਦੀ ਅਪੀਲ ਵੀ ਕੀਤੀ ਹੈ।
ਮੰਡੀ ਚਲਾਉਣ ਲਈ ਯਤਨ ਜਾਰੀ
ਮੰਡੀ ਪ੍ਰਬੰਧਕ ਬਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਉਹ ਮੰਡੀ ਮੁੜ ਚਲਾਉਣ ਲਈ ਯਤਨ ਕਰ ਰਹੇ ਹਨ ਜਿਸ ਤਹਿਤ ਸਬੰਧਤ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਲੋਕਾਂ ਦੇ ਰੁਜ਼ਗਾਰ ਦੇ ਮੱਦੇਨਜ਼ਰ ਮੰਡੀ ਬਹਾਲ ਕਰਨ ਦੀ ਮੰਗ ਕੀਤੀ।
ਨਿਯਮਾਂ ਦੇ ਉਲਟ ਸੀ ਮੰਡੀ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਪਸ਼ੂ ਮੰਡੀਆਂ ਲਈ ਸਰਕਾਰ ਨੇ ਕੁੱਝ ਨਿਯਮ ਬਣਾਏ ਗਏ ਹਨ ਜਿੰਨ੍ਹਾਂ ਦੀ ਬੱਕਰਾ ਮੰਡੀ ਵਿੱਚ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਕਰਕੇ ਬੰਦ ਕਰਵਾਈ ਗਈ ਹੈ। ਉਨ੍ਹਾਂ ਇਸ ਕਾਰਵਾਈ ਪਿਛੇ ਸਿਆਸੀ ਇਸ਼ਾਰੇ ਵਾਲੀ ਗੱਲ ਨੂੰ ਪੂਰੀ ਤਰਾਂ ਬੇਬੁਨਿਆਦ ਕਰਾਰ ਦਿੱਤਾ ਹੈ।