ਪੀਏਯੂ ਕੌਮਾਂਤਰੀ ਪੱਧਰ ਤੇ ਖੇਤੀ ਵਿਗਿਆਨ ਪੱਖੋਂ ਚੋਟੀ ਦੀਆਂ 100 ਸੰਸਥਾਵਾਂ ਵਿੱਚ ਸ਼ਾਮਿਲ ਹੋਈ
ਲੁਧਿਆਣਾ, 24 ਜੁਲਾਈ, 2025 - ਪੀ ਏ ਯੂ ਨੇ ਦੁਨੀਆ ਦੀਆਂ ਚੋਟੀ ਦੀਆਂ 100 ਖੇਤੀਬਾੜੀ ਸੰਸਥਾਵਾਂ ਦੀ ਤਾਜ਼ਾ ਜਾਰੀ ਐਜੂਰੈਂਕ 2025 ਸੂਚੀ ਵਿੱਚ ਖੇਤੀਬਾੜੀ ਵਿਗਿਆਨ ਵਿੱਚ 93ਵਾਂ ਸਥਾਨ ਪ੍ਰਾਪਤ ਕਰਕੇ ਸੰਸਾਰ ਪੱਧਰ ਤੇ ਵਡੇਰਾ ਸਨਮਾਨ ਹਾਸਿਲ ਕੀਤਾ ਹੈ। ਦੁਨੀਆ ਭਰ ਦੀਆਂ 4407 ਸੰਸਥਾਵਾਂ ਵਿੱਚੋਂ ਪੀ ਏ ਯੂ ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਇਸ ਉੱਚ ਸੂਚੀ ਵਿੱਚ ਸ਼ਾਮਲ ਹੈ। ਇਹ ਦਰਜਾਬੰਦੀ ਪੀ ਏ ਯੂ ਦੀ ਉੱਚਤਾ ਅਤੇ ਮਿਆਰ ਨੂੰ ਇਕ ਵਾਰ ਫਿਰ ਸਾਬਿਤ ਕਰਦੀ ਹੈ।
ਜ਼ਿਕਰਯੋਗ ਹੈ ਕਿ ਐਜੂਰੈਂਕ ਇੱਕ ਸੁਤੰਤਰ ਗਲੋਬਲ ਰੈਂਕਿੰਗ ਪਲੇਟਫਾਰਮ ਹੈ ਜੋ ਖੇਤੀ ਖੋਜ ਦੀ ਵਿਹਾਰਕਤਾ ਅਤੇ ਅਕਾਦਮਿਕ ਪ੍ਰਭਾਵ ਵਰਗੇ ਮਾਪਦੰਡਾਂ ਦੇ ਅਧਾਰ ਤੇ 14,000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਪੀ ਏ ਯੂ ਦਾ ਸਿਖਰਲੀਆਂ 100 ਸੰਸਥਾਵਾਂ ਵਿੱਚ ਸ਼ਾਮਿਲ ਹੋਣਾ ਵਿਸ਼ਵ ਪੱਧਰ ਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਇਸ ਯੂਨੀਵਰਸਿਟੀ ਦੇ ਵਧ ਰਹੇ ਪ੍ਰਭਾਵ ਦਾ ਸੂਚਕ ਹੈ।
ਧਿਆਨ ਰਹੇ ਕਿ ਏਸ਼ੀਆ ਤੋਂ ਸਿਰਫ਼ 22 ਸੰਸਥਾਵਾਂ ਨੇ ਖੇਤੀਬਾੜੀ ਵਿਗਿਆਨ ਵਿੱਚ ਵਿਸ਼ਵ ਪੱਧਰੀ ਚੋਟੀ ਦੇ 100 ਵਿੱਚ ਜਗ੍ਹਾ ਬਣਾਈ। ਇਹਨਾਂ ਵਿੱਚੋਂ ਤੇਰਾਂ ਚੀਨ ਤੋਂ ਹਨ, ਦੋ ਜਾਪਾਨ ਤੋਂ ਅਤੇ ਇਜ਼ਰਾਈਲ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਭਾਰਤ ਤੋਂ ਇੱਕ-ਇੱਕ ਸੰਸਥਾ ਸ਼ਾਮਿਲ ਹੈ। ਭਾਰਤ ਦੀ ਨੁਮਾਇੰਦਗੀ ਇਸ ਸ਼੍ਰੇਣੀ ਵਿੱਚ ਸਿਰਫ਼ ਦੋ ਖੇਤੀਬਾੜੀ ਸੰਸਥਾਵਾਂ ਦੁਆਰਾ ਕੀਤੀ ਗਈ। ਇਨ੍ਹਾਂ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਨਵੀਂ ਦਿੱਲੀ, 47ਵੇਂ ਸਥਾਨ 'ਤੇ ਅਤੇ ਪੀ ਏ ਯੂ 93ਵੇਂ ਸਥਾਨ 'ਤੇ ਰਹੇ। ਜਦੋਂ ਕਿ ਭਾਰਤੀ ਖੇਤੀ ਖੋਜ ਸੰਸਥਾ ਬਾਰੇ ਦੱਸਣਯੋਗ ਹੈ ਕਿ ਇਹ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਇੱਕ ਰਾਸ਼ਟਰੀ ਸੰਸਥਾ ਹੈ। ਇਸ ਲਿਹਾਜ਼ ਨਾਲ ਪੀ ਏ ਯੂ ਵਿਸ਼ਵ ਪੱਧਰ ਤੇ ਇਸ ਮਾਨਤਾ ਨੂੰ ਪ੍ਰਾਪਤ ਕਰਨ ਵਾਲੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ।
ਇਹ ਪ੍ਰਾਪਤੀ ਪੀ ਏ ਯੂ ਦੀਆਂ ਲਗਾਤਾਰ ਸਫਲਤਾਵਾਂ ਵਜੋਂ ਵੇਖੀ ਜਾ ਸਕਦੀ ਹੈ। ਯੂਨੀਵਰਸਿਟੀ ਨੂੰ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐੱਨ ਆਈ ਆਰ ਐੱਫ) ਦੁਆਰਾ ਲਗਾਤਾਰ ਦੋ ਸਾਲਾਂ, 2023 ਅਤੇ 2024 ਲਈ ਭਾਰਤ ਦੀਆਂ ਸਾਰੀਆਂ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰਲਾ ਦਰਜਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਭਾਰਤੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਆਈ ਆਈ ਆਰ ਐੱਫ) 2025, ਇੱਕ ਪ੍ਰਮੁੱਖ ਨਿੱਜੀ-ਖੇਤਰ ਏਜੰਸੀ, ਨੇ ਪੀ ਏ ਯੂ ਨੂੰ ਦੇਸ਼ ਦੀ ਸਿਖਰਲੀ ਰਾਜ ਖੇਤੀਬਾੜੀ ਯੂਨੀਵਰਸਿਟੀ ਦੀ ਦਰਜਾਬੰਦੀ ਨਾਲ ਸਨਮਾਨਿਤ ਕੀਤਾ ਹੈ।
ਪੀਏਯੂ ਦੇ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਦਰਜਾਬੰਦੀ ਪੀਏਯੂ ਦੀ ਖੋਜ, ਅਕਾਦਮਿਕ ਅਤੇ ਪਸਾਰ ਕਾਰਜਾਂ ਲਈ ਵਚਨਬੱਧਤਾ, ਵਿਗਿਆਨਕ ਪਹੁੰਚ ਅਤੇ ਅਣਥੱਕ ਮਿਹਨਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਿਸ਼ਵਵਿਆਪੀ ਮਾਨਤਾ ਨਾ ਸਿਰਫ਼ ਯੂਨੀਵਰਸਿਟੀ ਲਈ ਇੱਕ ਮੀਲ ਪੱਥਰ ਹੈ, ਸਗੋਂ ਰਾਸ਼ਟਰੀ ਪੱਧਰ ਤੇ ਮਾਣ ਦਾ ਇੱਕ ਪਲ ਵੀ ਹੈ। ਉਨ੍ਹਾਂ ਦੇ ਵਿਚਾਰ ਮੁਤਾਬਕ ਇਹ ਦਰਜਾਬੰਦੀ ਪੀਏਯੂ ਨੂੰ ਆਪਣੀ ਅੰਤਰਰਾਸ਼ਟਰੀ ਪਛਾਣ ਨੂੰ ਵਧਾਉਣ ਅਤੇ ਦੁਨੀਆ ਭਰ ਦੇ ਖੋਜ ਸੰਸਥਾਵਾਂ ਅਤੇ ਉਦਯੋਗ ਦੇ ਆਗੂਆਂ ਨਾਲ ਨਵੇਂ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ।
ਡਾ. ਰਿਸ਼ੀ ਪਾਲ ਸਿੰਘ (ਆਈਏਐਸ), ਰਜਿਸਟਰਾਰ, ਨੇ ਇਸ ਵਿਸ਼ਵੀ ਦਰਜਾਬੰਦੀ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਲੀਡਰਸ਼ਿਪ ਅਤੇ ਖੋਜ ਆਧਾਰਿਤ ਮਾਹੌਲ ਦੀ ਪ੍ਰਮਾਣਿਕਤਾ ਦਾ ਰੂਪਕ ਕਿਹਾ। ਉਨ੍ਹਾਂ ਕਿਹਾ ਕਿ ਪੀਏਯੂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਨਤਾ ਇਸਦੇ ਅਗਾਂਹਵਧੂ ਦ੍ਰਿਸ਼ਟੀਕੋਣ, ਉੱਤਮਤਾ ਪ੍ਰਤੀ ਵਚਨਬੱਧਤਾ, ਅਤੇ ਖੇਤੀਬਾੜੀ ਨਵੀਨਤਾ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਫੈਕਲਟੀ, ਵਿਗਿਆਨੀਆਂ, ਵਿਦਿਆਰਥੀਆਂ ਅਤੇ ਸਟਾਫ ਦੇ ਸਮੂਹਿਕ ਯਤਨਾਂ ਨੂੰ ਦਰਸਾਉਂਦੀ ਹੈ।
1962 ਵਿੱਚ ਸਥਾਪਿਤ ਹੋਈ ਪੀ ਏ ਯੂ ਭਾਰਤ ਨੇ ਖੇਤੀਬਾੜੀ ਵਿਚ ਗੁਣਾਤਮਕ ਯੋਗਦਾਨ ਪਾ ਕੇ ਹਰੀ ਕ੍ਰਾਂਤੀ ਦੇ ਰੂਪ ਵਿਚ ਦੇਸ਼ ਦੇ ਭੋਜਨ ਸੁਰੱਖਿਆ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ। ਮੌਜੂਦਾ ਸਮੇਂ ਪੀ ਏ ਯੂ ਵਿਚ ਵਾਤਾਵਰਨ ਪੱਖੀ ਅਤੇ ਟਿਕਾਊ ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਖੇਤਰ ਲਈ ਸਮਰੱਥਾ ਨਿਰਮਾਣ ਵਿੱਚ ਨਵੀਨਤਾਵਾਂ ਦੇ ਖੇਤਰ ਵਿਚ ਕਾਰਜ ਜਾਰੀ ਹਨ।
ਇਹ ਕੌਮਾਂਤਰੀ ਦਰਜਾਬੰਦੀ ਪੀ ਏ ਯੂ ਦੇ ਸਮੂਹ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸੰਸਥਾ ਦੇ ਹੋਰ ਵਿਕਾਸ ਲਈ ਜੱਦੋਜਹਿਦ ਕਰਦੇ ਰਹਿਣ ਲਈ ਪ੍ਰੇਰਿਤ ਕਰੇਗੀ ।