ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 21 ਪੁਲਿਸ ਅਧਿਕਾਰੀ ਸਨਮਾਨਿਤ
ਜਲੰਧਰ, 25 ਜੁਲਾਈ 2025: ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 21 ਪੁਲਿਸ ਅਧਿਕਾਰੀਆਂ ਨੂੰ ਕਲਾਸ-I (CC-1) ਨਾਲ ਸਨਮਾਨਿਤ ਕੀਤਾ ਗਿਆ। ਇਹ ਸਰਟੀਫਿਕੇਟ ਪ੍ਰਾਪਤ ਕਰਨ ਵਾਲਿਆਂ ਵਿੱਚ 4 ਸਬ-ਇੰਸਪੈਕਟਰ, 14 ਸਹਾਇਕ ਸਬ-ਇੰਸਪੈਕਟਰ (ASI) ਅਤੇ 3 ਕਾਂਸਟੇਬਲ ਸ਼ਾਮਿਲ ਹਨ।
ਇਥੇ ਪੁਲਿਸ ਲਾਈਨਜ਼ ਵਿਖੇ ਅੱਜ ਇੱਕ ਸਨਮਾਨ ਸਮਾਰੋਹ ਦੌਰਾਨ ਪੁਲਿਸ ਕਮਿਸ਼ਨਰ ਨੇ ਇਨ੍ਹਾਂ ਅਧਿਕਾਰੀਆਂ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਇਨ੍ਹਾਂ ਦੀ ਲਗਨ, ਇਮਾਨਦਾਰੀ ਅਤੇ ਹਿੰਮਤ ਬੇਮਿਸਾਲ ਹੈ, ਜੋ ਜਲੰਧਰ ਪੁਲਿਸ ਦੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ।
ਇਸ ਸਮਾਗਮ ਵਿੱਚ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ. ਹੈੱਡਕੁਆਰਟਰਜ਼ ਸੁਖਵਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।