ਨਸ਼ੇ ਵਾਂਗ ਸੂਬੇ ਲਈ ਸ਼ਰਾਪ ਬਣਦਾ ਜਾ ਰਿਹਾ ‘ਨਕਲੀ ਚਿੱਟੇ ਦੁੱਧ' ਦਾ ਕਾਲਾ ਕਾਰੋਬਾਰ
ਇਹ ਦੁੱਧ ਆਉਣ ਵਾਲੀਆਂ ਨਸਲਾਂ ਨੂੰ ਕਰ ਦੇਵੇਗਾ ਤਬਾਹ:- ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 24 ਜੁਲਾਈ 2025- ਦੁੱਧ ਘਿਓ ਮੱਖਣ ਮਲਾਈਆਂ ਖੁੱਲਾ ਪਿਓਰ ਖਾਣ ਪੀਣ ਨੂੰ ਜਾਣਿਆ ਜਾਂਦਾ ਸੂਬਾ ਪੰਜਾਬ ਅੱਜ ਨਕਲੀ ਦੁੱਧ ਅਤੇ ਨਕਲੀ ਦੁੱਧ ਤੋ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ ਮਿਠਾਈਆਂ ਅਤੇ ਖਾਦ ਪਦਾਰਥਾਂ ਵਿੱਚ ਮਿਲਾਵਟ ਦੇ ਕਾਰੋਬਾਰ ਲਈ ਵੀ ਮਸ਼ਹੂਰ ਹੋ ਗਿਆ ਹੈ। ਇੱਥੋ ਤੱਕ ਕਿ ਇਹ ਕਹਿਣ ਵਿੱਚ ਵੀ ਕੋਈ ਅਣਕਥਨੀ ਨਹੀ,ਕਿ ਸੂਬੇ ਵਿੱਚ ਫੈਲ ਚੁੱਕੇ ਨਾਮੁਰਾਦ ਬਿਮਾਰੀ ਨਸ਼ੇ ਨਾਲੋ ਵੀ ਨਕਲੀ ਦੁੱਧ ਦੀ ਸਮੱਸਿਆ ਗੰਭੀਰ ਸਥਿਤੀ ਵਿੱਚ ਹੈ। ਨਸ਼ਾ ਤਾਂ ਕਿਸੇ ਹੱਦ ਤੱਕ ਇਨਸਾਨ ਆਪਣੀ ਮਰਜ਼ੀ ਨਾਲ ਕਰਨ ਲੱਗਦਾ ਹੈ। ਪਰ ਦੁੱਧ ਅਤੇ ਇਨਸਾਨੀ ਜੀਵਨ ਵਿੱਚ ਦੁੱਧ ਦੀ ਮਹੱਤਤਾ ਨੂੰ ਦੇਖਿਆ ਜਾਵੇ ਤਾਂ ਮਨੁੱਖ ਵੱਲੋ ਹੀ ਲਾਲਚ ਵੱਸ ਜਾਣਬੁੱਝ ਸੋਚ ਸਮਝ ਨਾਲ ਪੂਰੀ ਮਨੁੱਖਤਾ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ।ਸਰਕਾਰੀ ਅੰਕੜਿਆਂ ਮੁਤਾਬਕ ਹੀ ਸੂਬੇ ਵਿੱਚ ਪਸ਼ੂਆਂ ਤੋ ਪੈਦਾ ਹੁੰਦਾ ਦੁੱਧ ਘੱਟ ਅਤੇ ਡੇਅਰੀਆਂ ਵਿੱਚ ਦੋਧੀਆ ਦੇ ਡਰੰਮਾਂ ਵਿੱਚ ਉਤਪਾਦ ਨਾਲੋ ਕਿਤੇ ਵੱਧ ਮਿਲਦਾ ਹੈ।ਸਵਾਲ ਇਹ ਉੱਠਦਾ ਹੈ, ਕਿ ਨਕਲੀ ਦੁੱਧ ਦੇ ਚੱਲ ਰਹੇ ਕਾਰੋਬਾਰ ਤੇ ਕੋਈ ਕਾਰਵਾਈ ਆਖ਼ਰ ਕਿਉ ਨਹੀਂ ? ਸੂਬੇ ਭਰ ਵਿੱਚ ਹਰ ਮੋੜ ਤੇ ਪਿੰਡ,ਸਹਿਰ,ਕਸਬੇ,ਵਿੱਚ ਬਿਨਾਂ ਕਿਸੇ ਜਾਂਚ ਜਾ ਲਾਇਸੈਂਸ ਤੋ ਬੇਖ਼ੌਫ਼ ਡੇਅਰੀਆਂ ਰਾਹੀ ਫੈਕਟਰੀਆਂ ਰਾਹੀ ਨਕਲੀ ਦੁੱਧ ਅਤੇ ਨਕਲੀ ਦੁੱਧ ਤੋ ਤਿਆਰ ਵਸਤਾਂ ਘਿਓ,ਮੱਖਣ,ਪਨੀਰ,ਕਰੀਮ,ਖੋਆ,ਦਹੀਂ ਅਤੇ ਮਠਿਆਈਆਂ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ।ਨਕਲੀ ਫੈਕਟਰੀਆ ਵਿੱਚ ਤਿਆਰ ਵਸਤਾਂ ਖੋਆ,ਪਨੀਰ ਟਰੱਕਾਂ ਰਾਹੀ ਬੱਸਾਂ ਰਾਹੀ ਬਾਹਰਲੇ ਰਾਜਾਂ ਤੋ ਪੰਜਾਬ ਆ ਰਹੀਆਂ ਨੇ ਤਿਓਹਾਰਾਂ ਦੇ ਦਿਨਾਂ ਵਿੱਚ ਤਾਂ ਇੰਨਾ ਦੀ ਭਰਮਾਰ ਹੀ ਹੋ ਜਾਂਦੀ ਹੈ। ਡਾਕਟਰਾਂ ਦੀ ਗੱਲ ਕਰ ਲਈਏ ਤਾਂ ਡਾਕਟਰ ਲੋਕਾਂ ਨੂੰ ਦਵਾਈ ਲਿਖ ਦਿੰਦੇ ਨੇ ਕਿ ਸਵੇਰੇ ਜਾ ਸ਼ਾਮ ਦਵਾਈ ਦੁੱਧ ਨਾਲ ਲਓ। ਬੱਚਿਆਂ ਦੀ ਸਰੀਰਕ,ਦਿਮਾਗ ਦੀ ਮਜਬੂਤੀ ਲਈ ਦੁੱਧ ਜਰੂਰੀ ਹੈ ਕੈਲਸ਼ੀਅਮ,ਪ੍ਰੋਟੀਨ ਲਈ ਚੰਗੀ ਕੁਆਲਿਟੀ ਦਾ ਦੁੱਧ ਪੀਓ, ਸਿਹਤ ਲਈ ਦੁੱਧ ਬਹੁਤ ਲਾਹੇਵੰਦ ਹੈ। ਪਰ ਉਹਨਾਂ ਦੇ ਆਪਣੇ ਸਿਹਤ ਵਿਭਾਗ ਵੱਲੋ ਨਕਲੀ ਇਸ ਪੈਦਾ ਕੀਤੇ ਜਾ ਰਹੇ ਜ਼ਹਿਰ ਖ਼ਿਲਾਫ਼ ਕੋਈ ਕਾਰਵਾਈ ਨਹੀ, ਨਾ ਹੀ ਕੋਈ ਚੈੱਕ ਕਰਨ ਵਾਲਾ ਸਿਰਫ਼ ਇਕ ਪ੍ਰਯੋਗਸ਼ਾਲਾ ਖਰੜ ਵਿਖੇ ਹੈ। ਜਦਕਿ ਹਰ ਜ਼ਿਲੇ,ਕਸਬੇ ਵਿੱਚ ਖਾਦ ਪਦਾਰਥਾਂ ਦੀ ਗੁਣਵੰਨਤਾ ਜਾਂਚ ਲਈ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ ਅਤੇ ਕਾਰਵਾਈ ਲਈ ਸਟਾਫ ਵੀ।ਦੁੱਧ ਉਤਪਾਦਕਾਂ ਜਾਂ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਮਹਿੰਗੇ ਹੋ ਚੁੱਕੇ ਪਸ਼ੂ ਅਤੇ ਪਸ਼ੂ ਚਾਰੇ,ਤੂੜੀ,ਫੀਡ,ਖੱਲ ਕਾਰਨ,ਸਹੀ ਕੀਮਤ,ਸਹੀ ਜਗ੍ਹਾ,ਸਹੀ ਕੋਈ ਪੋਲਿਸੀ ਨਾ ਹੋਣ ਕਾਰਨ ਕੋਈ ਘੱਟ ਵਿਆਜ ਸੌਖਾ ਲੋਨ ਅਤੇ ਨਾ ਹੀ ਕੋਈ ਇੰਸ਼ੋਰੈਂਸ ਪੋਲਿਸੀ ਹੈ। ਸਵੇਰ ਤੋ ਸ਼ਾਮ ਤੱਕ ਸਖ਼ਤ ਮਿਹਨਤ ਦੇ ਬਾਅਦ 50-55 ਰੁਪਈਏ ਤਾਂ ਦੁੱਧ ਓਹਨਾ ਨੂੰ ਘਰ ਪੈਂਦਾ ਹੈ ਅਤੇ ਬਜ਼ਾਰ ਵਿੱਚ ਨਕਲੀ ਦੁੱਧ ਦੀ ਭਰਮਾਰ ਹੋਣ ਕਾਰਨ ਡੇਅਰੀ ਵਪਾਰ ਮੁਨਾਫੇ ਦਾ ਧੰਦਾ ਨਹੀ ਰਿਹਾ ਦੂਜੇ ਪਾਸੇ ਨਕਲੀ ਦੁੱਧ ਮਾਫ਼ੀਆਂ ਚੰਦ ਮਿੰਟਾਂ ਵਿੱਚ ਥੋੜੀ ਜਿਹੀ ਮਿਹਨਤ ਨਾਲ ਖ਼ਤਰਨਾਕ ਕੈਮੀਕਲ ਰਾਹੀ ਤਿਆਰ ਦੁੱਧ ਜੋ 12-13 ਰੁਪਈਏ ਪਰ ਲਿਟਰ ਬਣ ਜਾਂਦਾ ਹੈ। ਬਿਨਾਂ ਰੋਕ ਟੋਕ ਸ਼ਰੇਆਮ ਬਿਨਾਂ ਕਿਸੇ ਖੌਫ਼ ਬਿਨ੍ਹਾਂ ਕੋਈ ਲਾਇਸੈਂਸ ਕਿਤੇ ਵੀ ਦੁਕਾਨ ਖੋਲ ਇਸ ਨੂੰ ਵੇਚ ਮੋਟੀ ਕਮਾਈ ਕਰ ਰਹੇ ਹਨ।ਇਸ ਨਕਲੀ ਦੁੱਧ ਦੇ ਬੇਖ਼ੌਫ ਚੱਲ ਰਹੇ ਕਾਰੋਬਾਰ ਵਿੱਚ ਕਿਸੇ ਭ੍ਰਿਸ਼ਟ ਅਫ਼ਸਰ ਸ਼ਾਹੀ ਜਾ ਭ੍ਰਿਸ਼ਟ ਰਾਜਨੀਤਕ ਲੋਕਾਂ ਦੀ ਸਹਿ ਤੋ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।ਇਹ ਨਕਲੀ ਦੁੱਧ ਬਣਾਉਣ ਲਈ ਵਰਤੇ ਜਾਣ ਵਾਲੇ ਖ਼ਤਰਨਾਕ ਪਦਾਰਥ ਸਾਡੀ ਆਉਣ ਵਾਲੀ ਪੀੜੀ ਤਬਾਹ ਕਰ ਰਹੇ ਹਨ।ਸਰਕਾਰ ਨੂੰ ਸਿਹਤ ਮਹਿਕਮੇ ਨੂੰ ਇਸ ਵੱਲ ਧਿਆਨ ਦਿੰਦੇ ਹੋਏ, ਸੁਹਿਰਦਤਾ ਨਾਲ ਇਸ ਤੇ ਵਿਚਾਰ ਕਰ ਸਖ਼ਤ ਸਜ਼ਾਵਾਂ ਨਾਲ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਮਨੁੱਖਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਇਸ ਮਿਲਕ ਮਾਫ਼ੀਆ ਅਤੇ ਨਕਲੀ ਮਿਲਾਵਟ ਵਾਲੇ ਖਾਦ ਪਦਾਰਥਾਂ ਦੇ ਇਸ ਕਾਲੇ ਕਾਰੋਬਾਰ ਤੇ ਨੱਥ ਪਾਈ ਜਾ ਸਕੇ ਅਤੇ ਸੂਬੇ ਵਿੱਚ ਪਸ਼ੂ ਪਾਲਕਾਂ ਅਤੇ ਦੁੱਧ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਅਤੇ ਲਾਹੇਵੰਦ ਬਣਾਉਣ ਲਈ ਪਾਲਿਸੀ ਬਣੇ ਤਾਂ ਜੋ ਲੋਕ ਬੇਖ਼ੌਫ਼ ਹੋ ਕੇ ਪਿਓਰ ਖਾਣ ਪੀਣ ਅਤੇ ਤੰਦਰੁਸਤ ਜੀਵਨ ਜੀਣ।