Brain Stroke ਦੇ ਤੁਰੰਤ ਇਲਾਜ ਲਈ ਹੱਬ ਬਣੇਗਾ ਪੰਜਾਬ 'ਚ ਇਹ ਸਰਕਾਰੀ ਹਸਪਤਾਲ
-ਹਾਰਟ ਅਟੈਕ ਦੇ ਤੁਰੰਤ ਇਲਾਜ ਦੇ ਸਫਲ ਤਜਰਬੇ ਮਗਰੋਂ ਹੁਣ ਬਣਾਏ ਜਾਣਗੇ ਬਰੇਨ ਸਟਰੋਕ ਦੇ ਹੱਬ: ਡਾ. ਬਲਬੀਰ ਸਿੰਘ
-ਦਿਲ ਦੇ ਦੌਰੇ ਦੇ ਮਰੀਜ਼ਾਂ ਦੀਆਂ 583 ਕੀਮਤੀ ਜਾਨਾਂ ਦੇ ਰਾਖੇ ਬਣੇ ਹੱਬ ਤੇ ਸਪੋਕ ਦੇ ਡਾਕਟਰ: ਡਾ. ਬਲਬੀਰ ਸਿੰਘ
-ਸਿਹਤ ਮੰਤਰੀ ਵੱਲੋਂ ਰਜਿੰਦਰਾ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਬਲਾਕ ਵਿਖੇ ਮਾਹਰ ਡਾਕਟਰਾਂ ਤੋਂ ਰਣਨੀਤੀ ਦਾ ਲਿਆ ਜਾਇਜ਼ਾ
ਪਟਿਆਲਾ, 24 ਜੁਲਾਈ: 'ਕਿਸੇ ਵਿਅਕਤੀ ਨੂੰ ਅਧਰੰਗ ਹੋਣ 'ਤੇ ਲੱਛਣ ਸਾਹਮਣੇ ਆਉਣ ਦੇ ਉਸ ਦੇ ਤੁਰੰਤ ਬਿਹਤਰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਨੂੰ ਬਰੇਨ ਸਟਰੋਕ (ਅਧਰੰਗ) ਦੇ ਇਲਾਜ ਲਈ ਹੱਬ ਬਣਾਇਆ ਜਾਵੇਗਾ ਅਤੇ ਆਲੇ ਦੁਆਲੇ ਦੇ ਚਾਰ ਜ਼ਿਲ੍ਹੇ ਇਸ ਦੇ ਸਪੋਕ ਬਣਨਗੇ।' ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਬਲਾਕ ਵਿਖੇ ਮਾਹਰ ਡਾਕਟਰਾਂ ਨਾਲ ਇਸ ਸਬੰਧੀ ਰਣਨੀਤੀ ਦਾ ਜਾਇਜ਼ਾ ਲੈਂਦਿਆਂ ਕੀਤਾ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਦਿਲ ਦੇ ਦੌਰੇ ਦੀ ਬਿਮਾਰੀ ਦਾ ਪਹਿਲਾ ਹੀ ਹੱਬ ਹੈ ਅਤੇ ਜੇਕਰ ਇਥੇ ਨੇੜਲੇ ਜ਼ਿਲ੍ਹੇ 'ਚ ਕੋਈ ਦਿਲ ਦੇ ਦੌਰੇ ਦਾ ਮਰੀਜ਼ ਆਉਂਦਾ ਹੈ ਤਾਂ ਹੱਬ ਤੇ ਸਪੋਕ ਦੇ ਡਾਕਟਰ ਪਹਿਲਾ ਹੀ ਉਸਦਾ ਈਸੀਜੀ ਕਰਕੇ ਉਸ ਦੇ ਟੀਕਾ ਲਗਾ ਦਿੰਦੇ ਹਨ ਤੇ ਫੇਰ ਨੇੜੇ ਦੇ ਹੱਬ ਵਿੱਚ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 700 ਵਿਅਕਤੀਆਂ ਨੂੰ ਟਰੇਨਿੰਗ ਦਿੱਤੀ ਗਈ ਹੈ ਤੇ ਹੁਣ ਤੱਕ ਇਸ ਵਿਧੀ ਨਾਲ ਦਿਲ ਦੇ 583 ਮਰੀਜ਼ਾਂ ਦਾ ਜਾਨ ਬਚਾਈ ਜਾ ਚੁੱਕੀ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਅਧਰੰਗ ਦੇ ਇਲਾਜ ਲਈ ਵੀ ਇਹ ਵਿਧੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਹੜਾ ਇਲਾਜ ਫੋਰਟਿਸ ਜਾਂ ਮੈਕਸ ਹਸਪਤਾਲਾਂ 'ਚ ਹੁੰਦਾ ਹੈ, ਉਹ ਇਲਾਜ ਹੁਣ ਪਟਿਆਲਾ 'ਚ ਵੀ ਹੋਵੇਗਾ ਤੇ ਇਹ ਇਲਾਜ ਪੰਜਾਬ ਦੇ ਲੋਕਾਂ ਦਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯੂਨੀਵਰਸਲ ਸਿਹਤ ਬੀਮਾ ਲੈ ਕੇ ਆ ਰਹੀ ਹੈ ਤੇ ਅਸੀਂ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ ਤੇ ਟਰਸ਼ਰੀ ਕੇਅਰ ਤਿੰਨ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ। ਇਸ ਤੋਂ ਇਲਾਵਾ ਬੋਨਮੈਰੋ ਟਰਾਂਸਪਲਾਂਟ ਤੇ ਗੂੰਗੇ ਤੇ ਬਹਿਰੇ ਬੱਚਿਆਂ ਦੇ ਇਲਾਜ ਲਈ ਵੀ ਰਣਨੀਤੀ ਬਣਾਈ ਗਈ ਹੈ ਜਿਸ ਨਾਲ ਜਨਮੇ ਗੂੰਗੇ ਤੇ ਬਹਿਰੇ ਬੱਚਿਆਂ ਦਾ ਇਲਾਜ ਕੋਕਲੀਅਰ ਇਨਪਲਾਂਟ ਦੀ ਸੁਵਿਧਾ ਨਾਲ ਕਰਕੇ ਬੋਲਣ ਤੇ ਸੁਣਨ ਦੇ ਸਮਰੱਥ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਮਾਹਰਾਂ ਦੀ ਟੀਮ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ 'ਤੇ ਵੀ ਚਰਚਾ ਕੀਤੀ ਗਈ।