Punjab News: IAS ਤੇ PCS ਅਫ਼ਸਰ ਉੱਤਰੇ ਮੈਦਾਨ 'ਚ, ਪੜ੍ਹੋ ਪੂਰੀ ਖ਼ਬਰ
ਜ਼ਿਲ੍ਹੇ 'ਚ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ
-ਬਾਲ ਭਿੱਖਿਆ ਰੋਕਣ, ਨਜਾਇਜ਼ ਕਬਜੇ ਹਟਾਉਣ, ਸਫ਼ਾਈ, ਫੁੱਟਪਾਥ, ਸੜਕਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ, ਜਲ ਨਿਕਾਸ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰ ਹੋਣਗੇ ਅਧਿਕਾਰੀ-ਡਾ. ਪ੍ਰੀਤੀ ਯਾਦਵ
-ਡੀ.ਸੀ. ਖ਼ੁਦ, ਨਗਰ ਨਿਗਮ ਕਮਿਸ਼ਨਰ ਤੇ ਸੀ.ਏ. ਪੀਡੀਏ ਸਮੇਤ ਸਾਰੇ ਪੀ.ਸੀ.ਐਸ. ਅਧਿਕਾਰੀ ਵੀ ਸੜਕਾਂ 'ਤੇ ਕਰਨਗੇ ਨਿਗਰਾਨੀ
ਪਟਿਆਲਾ, 24 ਜੁਲਾਈ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਇੱਕ ਅਹਿਮ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਸਾਰੇ ਆਈਏਐਸ ਤੇ ਪੀਸੀਐਸ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਮੈਦਾਨ ਵਿੱਚ ਉਤਾਰਿਆ ਹੈ। ਉਹ ਖ਼ੁਦ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ, ਜਿਸ ਰਾਹੀਂ ਸਾਰੇ ਅਹਿਮ ਜ਼ਿਲ੍ਹਾ ਅਧਿਕਾਰੀਆਂ ਨੂੰ ਪਟਿਆਲਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਅੰਦਰ ਸਾਫ਼-ਸਫ਼ਾਈ, ਜ਼ਿਲ੍ਹੇ ਦੀ ਸੁੰਦਰਤਾ ਸਮੇਤ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਰੋਕਣ, ਨਜਾਇਜ਼ ਕਬਜੇ ਹਟਾਉਣ, ਸਫ਼ਾਈ, ਕੂੜੇ ਦੀ ਚੁਕਾਈ, ਫੁੱਟਪਾਥ, ਸੜਕਾਂ ਦੀ ਮੁਰੰਮਤ, ਟ੍ਰੈਫਿਕ ਲਾਈਟਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ, ਵਾਤਾਵਰਣ ਹਰਾ-ਭਰਾ ਬਣਾਉਣ ਲਈ ਬੂਟੇ ਲਾਉਣੇ ਤੇ ਸੁੰਦਰਤਾ, ਜਲ ਨਿਕਾਸ ਪ੍ਰਬੰਧਨ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਕਬ ਅਤੇ ਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਾਰੀ ਕੀਤੇ ਗਏ ਹਨ।
ਡਾ. ਪ੍ਰੀਤੀ ਯਾਦਵ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਹ ਖ਼ੁਦ ਫੁਹਾਰਾ ਚੌਂਕ, ਲੀਲਾ ਭਵਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ ਤੋਂ ਥਾਪਰ ਕਾਲਜ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ, ਭੁਪਿੰਦਰਾ ਰੋਡ ਤੇ ਇਨਕਮ ਟੈਕਸ ਦਫ਼ਤਰ ਰੋਡ ਦਾ ਨਿਰੀਖਣ ਕਰਨਗੇ। ਜਦੋਂਕਿ ਕਮਿਸ਼ਨਰ ਨਗਰ ਨਿਗਮ ਨੂੰ ਮਾਡਲ ਟਾਊਨ, ਲੱਕੜ ਮੰਡੀ, ਮਾਰਕਲ ਕਲੋਨੀ, ਸਨੌਰੀ ਅੱਡਾ, ਵੱਡੀ ਤੇ ਛੋਟੀ ਨਦੀ ਦਾ ਖੇਤਰ, ਕਬਾੜੀ ਮਾਰਕੀਟ ਤੇ ਰੇਹੜੀ ਮਾਰਕੀਟ ਦਾ ਏਰੀਆ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹੀ ਪੀ.ਡੀ.ਏ ਦੇ ਮੁੱਖ ਪ੍ਰਸ਼ਾਸਕ ਨੂੰ ਪੁਰਾਣਾ ਤੇ ਨਵਾਂ ਬੱਸ ਅੱਡਾ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ, ਸਰਹਿੰਦ ਰੋਡ ਤੋਂ ਬਾਈਪਾਸ, ਫੋਕਲ ਪੁਆਇੰਟ ਤੇ ਨਵੇਂ ਬੱਸ ਅੱਡੇ ਤੱਕ ਦੀ ਸੜਕ ਸ਼ਾਮਲ ਹੈ। ਐਮ.ਡੀ. ਪੀ.ਆਰ.ਟੀ.ਸੀ. ਨੂੰ ਆਰੀਆ ਸਮਾਜ ਚੌਂਕ, ਘੇਰ ਸੋਢੀਆਂ, ਜੌੜੀਆਂ ਭੱਠੀਆਂ, ਸ਼ੇਰਾਂਵਾਲਾ ਗੇਟ ਤੋਂ ਧਰਮਪੁਰਾ ਬਾਜ਼ਾਰ, ਸ਼ੇਰੇ ਪੰਜਾਬ ਮਾਰਕੀਟ ਤੇ ਟੀ.ਬੀ. ਹਸਪਤਾਲ ਰੋਡ ਦਿੱਤੀ ਗਈ ਹੈ। ਜਦੋਂਕਿ ਏ.ਡੀ.ਸੀ. ਜਨਰਲ ਨੂੰ ਰਣਜੀਤ ਨਗਰ, ਇੰਦਰਾ ਕਲੋਨੀ, ਪੁਰਾਣੀ ਸਬਜੀ ਮੰਡੀ, ਟਿਵਾਣਾ ਚੌਂਕ, ਗਰੀਨ ਪਾਰਕ ਕਲੋਨੀ ਸੌਂਪੀ ਗਈ ਹੈ ਤੇ ਏ.ਡੀ.ਸੀ. ਸ਼ਹਿਰੀ ਵਿਕਾਸ ਨੂੰ ਮੋਦੀ ਕਾਲਜ ਤੋਂ ਅਦਾਲਤ ਬਾਜ਼ਾਰ, ਚਾਂਦਨੀ ਚੌਂਕ, ਅਨਾਰਦਾਣਾ ਚੌਂਕ, ਕਿਲਾ ਚੌਂਕ, ਸਾਈ ਮਾਰਕੀਟ ਏਰੀਆ ਦਿੱਤਾ ਗਿਆ ਹੈ।
ਹੁਕਮਾਂ ਮੁਤਾਬਕ ਏ.ਸੀ.ਏ. ਪੀਡੀਏ ਨੂੰ ਗੁਰੂ ਨਾਨਕ ਨਗਰ, ਜੁਝਾਰ ਨਗਰ, ਗੁਰਬਖ਼ਸ਼ ਕਲੋਨੀ, ਰਾਜਪੁਰਾ ਕਲੋਨੀ, ਵਿਕਾਸ ਕਲੋਨੀ, ਤਫੱਜਲਪੁਰਾ ਤੇ ਪੁਰਾਣਾ ਬਿਸ਼ਨ ਨਗਰ ਅਤੇ ਆਰ.ਟੀ.ਏ. ਪਟਿਆਲਾ ਨੂੰ ਠੀਕਰੀਵਾਲਾ ਚੌਂਕ ਤੋਂ ਖ਼ਾਲਸਾ ਕਾਲਜ ਰੋਡ, ਬਡੂੰਗਰ ਤੋਂ 23 ਨੰਬਰ ਫਾਟਕ, ਪਰਤਾਪ ਨਗਰ, ਮਜੀਠੀਆ ਇਨਕਲੇਵ, ਗੁਰਦਰਸ਼ਨ ਨਗਰ ਤੇ ਖ਼ਾਲਸਾ ਕਲੋਨੀ ਸ਼ਾਮਲ ਹੈ। ਏ.ਡੀ.ਸੀ. ਦਿਹਾਤੀ ਵਿਕਾਸ ਨੂੰ ਪਟਿਆਲਾ-ਸਰਹਿੰਦ ਰੋਡ, ਪਿੰਡ ਅਲੀਪੁਰ, ਦੌਲਤਪੁਰ, ਅਰਾਈਮਾਜਰਾ, ਝਿੱਲ ਇਨਕਲੇਵ, ਘੁੰਮਣ ਨਗਰ ਤੇ ਰਸੂਲਪੁਰ ਸ਼ਾਮਲ ਹਨ। ਆਰ.ਟੀ.ਓ. ਨੂੰ ਤ੍ਰਿਪੜੀ ਇਲਾਕਾ, ਅਨੰਦ ਨਗਰ, ਦਸਮੇਸ਼ ਨਗਰ ਤੇ ਪ੍ਰੀਤ ਨਗਰ ਅਤੇ ਏ.ਈ.ਟੀ.ਸੀ ਜੀ.ਐਸ.ਟੀ. ਨੂੰ ਰਾਘੋਮਾਜਰਾ, ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਰੋਡ, ਲੋਅਰ ਮਾਲ ਰੋਡ, ਨਿਊ ਮਹਿੰਦਰਾ ਕਲੋਨੀ ਤੇ ਢਿੱਲੋਂ ਕਲੋਨੀ ਇਲਾਕੇ ਸੌਂਪੇ ਗਏ ਹਨ।
ਡੀ.ਸੀ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਹੈ ਕਿ ਇਸੇ ਤਰ੍ਹਾਂ ਹੀ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਨੂੰ ਸੌਂਪੇ ਖੇਤਰਾਂ ਵਿੱਚ ਥਾਪਰ ਕਾਲਜ ਤੋਂ ਭਾਦਸੋਂ ਰੋਡ, ਡਾਕਟਰ ਕਲੋਨੀ, ਰਣਜੀਤ ਐਵੇਨਿਊ, ਅਮਨ ਕਲੋਨੀ, ਥਾਪਰ ਕਾਲਜ ਤੋਂ ਸੈਂਚੁਰੀ ਇਨਕਲੇਵ ਰੋਡ ਸ਼ਾਮਲ ਹਨ। ਜਦੋਂ ਕਿ ਆਬਕਾਰੀ ਵਿਭਾਗ ਦੇ ਡੀ.ਸੀ.ਐਸ.ਟੀ ਨੂੰ ਅਪਰ ਮਾਲ ਰੋਡ, ਠੀਕਰੀਵਾਲ ਚੌਂਕ ਤੋਂ ਵਾਈਪੀਐਸ ਚੌਂਕ, ਨਗਰ ਨਿਗਮ ਰੋਡ, ਐਨ.ਆਈ.ਐਸ ਤੇ ਪੋਲੋ ਗਰਾਊਂਡ ਰੋਡ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਐਸ.ਡੀ.ਐਮ ਪਟਿਆਲਾ ਨੂੰ ਰਾਜਿੰਦਰਾ ਹਸਪਤਾਲ ਰੋਡ ਤੋਂ ਰੇਲਵੇ ਸਟੇਸ਼ਨ, ਪੁਰਾਣਾ ਬੱਸ ਅੱਡਾ ਤੇ ਗੁਰਦੁਆਰਾ ਸਾਹਿਬ ਰੋਡ, ਫੈਕਟਰੀ ਏਰੀਆ, ਬੰਨ੍ਹਾ ਰੋਡ ਤੇ ਡੀ.ਸੀ.ਡਬਲਿਊ ਕਲੋਨੀ ਦੇ ਖੇਤਰ ਨਿਗਰਾਨੀ ਲਈ ਦਿੱਤੇ ਗਏ ਹਨ।
ਡੀ.ਸੀ. ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਫੀਲਡ ਅਫ਼ਸਰ ਨੂੰ ਚਰਨ ਬਾਗ, ਲਹਿਲ, ਮਾਨਸ਼ਾਹੀਆ ਕਲੋਨੀ, ਸਟੇਟ ਕਾਲਜ ਰੋਡ ਤੇ ਪੰਜਾਬੀ ਬਾਗ, ਗੋਬਿੰਦ ਬਾਗ ਤੇ ਡੀਲਾਈਟ ਕਲੋਨੀ ਦੀ ਨਿਗਰਾਨੀ ਦੇਣ ਸਮੇਤ ਐਸ.ਡੀ.ਐਮ ਰਾਜਪੁਰਾ ਨੂੰ ਜੀ.ਟੀ ਰੋਡ ਰਾਜਪੁਰਾ ਤੋਂ ਮਿੰਨੀ ਸਕੱਤਰੇਤ ਰੋਡ ਰਾਜਪੁਰਾ ਸੌਂਪੀ ਗਈ ਹੈ। ਐਸ.ਡੀ.ਐਮ ਪਾਤੜਾ ਪਾਤੜਾਂ-ਜਾਖਲ ਰੋਡ, ਪਾਤੜਾਂ ਕਾਹਨਗੜ੍ਹ ਰੋਡ ਦੇਖਣਗੇ। ਐਸ.ਡੀ.ਐਮ ਨਾਭਾ ਨੂੰ ਨਾਭਾ-ਮਾਲੇਰਕੋਟਲਾ ਰੋਡ ਸੌਂਪੀ ਗਈ ਹੈ। ਐਸ.ਡੀ.ਐਮ ਸਮਾਣਾ ਨੂੰ ਘੱਗਾ ਤੇ ਤਹਿਸੀਲ ਰੋਡ ਦਿਤੀ ਗਈ ਹੈ ਅਤੇ ਐਸ.ਡੀ.ਐਮ ਦੂਧਨ ਸਾਧਾਂ ਨੂੰ ਦੇਵੀਗੜ੍ਹ-ਦੂਧਨਸਾਧਾਂ-ਪਿਹੋਵਾ ਰੋਡ ਦੀ ਨਿਗਰਾਨੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਹੁਕਮਾਂ ਵਿੱਚ ਆਖਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਆਪਣੀ ਸਬ ਡਵੀਜਨ ਅੰਦਰ ਪੈਂਦੀਆਂ ਅਹਿਮ ਸੜਕਾਂ ਤੇ ਇਲਾਕਿਆਂ ਦੀ ਨਿਗਰਾਨੀ ਆਪਣੇ ਅਧੀਨ ਆਉਂਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪਣਗੇ। ਇਸੇ ਤਰ੍ਹਾਂ ਸਾਰੇ ਅਫ਼ਸਰ ਆਪਣੀ ਰੋਜ਼ਾਨਾ ਦੀ ਫੀਲਡ ਵਿਜਿਟ ਕਰਕੇ ਰਿਪੋਰਟ ਵੀ ਸਬੰਧਤ ਬ੍ਰਾਂਚ ਨੂੰ ਭੇਜਣੀ ਯਕੀਨੀ ਬਣਾਉਣਗੇ।