ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਸਕੂਲੀ ਵਾਹਨਾਂ ਦੀ ਚੈਕਿੰਗ
- ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ-ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ
ਰੋਹਿਤ ਗੁਪਤਾ
ਬਟਾਲਾ, 25 ਜੁਲਾਈ 2025 - ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਐਕਸਲਜ਼ੀਅਰ ਪਬਲਿਕ ਸਕੂਲ, ਕਾਦੀਆਂ ਬਟਾਲਾ ਦੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਵਾਹਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਅਰਜਨ ਸਿੰਘ ਗਰੇਵਾਲ ਤਹਿਸੀਲਦਾਰ, ਨੀਰਜ਼ ਸ਼ਰਮਾ ਫਾਇਰ ਬਿ੍ਰਗੇਡ ਅਫਸਰ, ਪੁਲਿਸ ਅਧਿਕਾਰੀ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਐਸ.ਡੀ.ਐਮ ਵਲੋਂ ਸਕੂਲ ਦੇ ਪ੍ਰਿੰਸੀਪਲਜ਼ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਵੀ ਸਕੂਲ ਵਾਹਨਾਂ ਦੀ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਜੋ ਸਕੂਲ, ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਨੂੰ ਲਾਗੂ ਨਹੀਂ ਕਰਨਗੇ, ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਵੈਨ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਆਦੇਸ਼ ਅਨੁਸਾਰ ਸਕੂਲ ਬੱਸ ਵਿੱਚ ਫਸਟ ਏਡ ਬਾਕਸ ਲਾਜ਼ਮੀ, ਸਕੂਲ ਬੱਸ ਵਿੱਚ ਸਪੀਡ ਗਵਰਨਰ ਲਾਜ਼ਮੀ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਜਗ੍ਹਾ ਲਾਜ਼ਮੀ, ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ, ਸਕੂਲ ਬੱਸ ਵਿੱਚ ਐਮਰਜੰਸੀ ਤਾਕੀਆਂ (ਅੱਗੇ, ਪਿੱਛੇ) ਲਾਜ਼ਮੀ, ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦਾ ਰੰਗ ਸੁਨਿਹਰੀ ਪੀਲਾ ਹੋਣਾ ਲਾਜ਼ਮੀ, ਸਕੂਲ ਬੱਸ ਦੇ ਸੀ.ਸੀ.ਟੀ.ਵੀ ਕੈਮਰੇ ਅਤੇ 60 ਦਿਨ ਦਾ ਫੂਟੇਜ਼ ਹੋਣਾ ਲਾਜ਼ਮੀ, ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਸਕੂਲ ਬੱਸ ਵਿੱਚ ਡਰਾਇਵਰ ਕੋਲ ਬੱਚਿਆਂ ਦੇ ਨਾਮ, ਪਤਾ, ਕਲਾਸ ਦੀ ਲਿਸਟ ਹੋਣਾ ਲਾਜ਼ਮੀ, ਸਕੂਲ ਬੱਸ ਦੇ ਡਰਾਈਵਰਾਂ ਦੀ ਨਿਸ਼ਚਿਤ ਕੀਤੀ ਵਰਦੀ ਅਤੇ ਨਾਮ ਦੀ ਨੇਮ-ਪਲੇਟ ਲੱਗੀ ਹੋਣੀ ਲਾਜ਼ਮੀ, ਸਕੂਲ ਬੱਸ ਤੇ ਸਕੂਲ ਦਾ ਨਾਮ ਅਤੇ ਨੰਬਰ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦੇ ਫੁੱਟ ਸਟੈਪ 200 ਮਿਲੀਮੀਟਰ ਤੋਂ ਵੱਧ ਨਾ ਹੋਵੇ ਆਦਿ, ਉਕਤ ਨਿਯਮਾਂ ਨੂੰ ਨਾ ਮੰਨਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।