ਸਿਹਤ ਵਿਭਾਗ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਜੱਚਾ-ਬੱਚਾ ਦੀ ਦੇਖਭਾਲ ਲਈ ਲਾਇਆ ਕੈਂਪ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2025 :ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਹੇਠ ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਮੁਹਿੰਮ ਤਹਿਤ ਖਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਮਾਵਾਂ ਲਈ ਵਿਸ਼ੇਸ਼ ਕੈਂਪ ਲਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਗਰਭਵਤੀ ਮਾਵਾਂ ਅਤੇ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਯਤਨਸ਼ੀਲ ਹੈ ਅਤੇ ਹਰ ਗਰਭਵਤੀ ਔਰਤ ਦਾ ਜਣੇਪਾ ਸੁਰੱਖਿਅਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ । ਇਸ ਲਈ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਮੂਹ ਸੀ.ਐਚ.ਸੀ ਅਤੇ ਐਸ.ਡੀ ਐਚ ਆਦਿ ਵਿੱਚ ਕੈਂਪ ਲਗਾਏ ਜਾਂਦੇ ਹਨ । ਹਾਈ ਰਿਸਕ ਗਰਭਵਤੀਆਂ ਲਈ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਮੁਹਿਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾਂਦੇ ਹਨ । ਇਸ ਦੌਰਾਨ ਗਰਭਵਤੀ ਔਰਤਾਂ ਖਾਸ ਕਰਕੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਦਾ ਬਲੱਡ ਪ੍ਰੈਸ਼ਰ, ਆਇਰਨ, ਕੈਲਸ਼ੀਅਮ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਇਕ ਗਰਭਵਤੀ ਔਰਤ ਨੂੰ ਗਰਭ ਦੌਰਾਨ ਘੱਟੋਂ ਘੱਟ 4 ਵਾਰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ ਅਤੇ ਅਗੇਤੇ ਪ੍ਰਬੰਧ ਕਰ ਲਏ ਜਾਂਦੇ ਹਨ । ਉਨ੍ਹਾਂ ਮਾਵਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੱਤਾ । ਉਨ੍ਹਾਂ ਨੂੰ ਗਰਭ ਦੌਰਾਨ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸੰਤੁਲਿਤ ਖੁਰਾਕ ਖਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਜ਼ਾਰੂ ਖਾਣ-ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਜੇਕਰ ਮਾਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੇਗੀ ਤਾਂ ਹੀ ਉਹ ਇਕ ਤੰਦਰੁਸਤ ਬੱਚੇ ਨੂੰ ਜਨਮ ਦੇਵੇਗੀ । ਇਸ ਲਈ ਮਾਂਵਾਂ ਵਾਸਤੇ ਸਿਹਤ ਸਿੱਖਿਆ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਗਰਭ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ । ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਮੌਕੇ ਆਸ਼ਾ ਵਰਕਰ ਅਤੇ ਏ.ਐਨ.ਐਮ ਹਾਜ਼ਰ ਸਨ ।