ਬਠਿੰਡਾ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੇ ਕੈਪਸੂਲ ਕੀਤੇ ਬਰਾਮਦ
ਅਸ਼ੋਕ ਵਰਮਾ
ਗੋਨਿਆਣਾ ਮੰਡੀ, 25 ਜੁਲਾਈ 2025:ਬਠਿੰਡਾ ਜ਼ਿਲ੍ਹੇ 'ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਨਿਰੰਤਰ ਮੁਹਿੰਮ ਤਹਿਤ ਇਕ ਹੋਰ ਵੱਡੀ ਸਫਲਤਾ ਗੋਨਿਆਣਾ ਮੰਡੀ ਪੁਲਸ ਨੇ ਹਾਸਲ ਕੀਤੀ ਹੈ, ਜਿੱਥੇ ਨਿਰਮਲ ਸਿੰਘ ਉਰਫ ਨੀਮਾ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰੀਤ ਨਗਰ ਗੋਨਿਆਣਾ ਮੰਡੀ ਕੋਲੋਂ ਇਕ ਹਜ਼ਾਰ ਨਸ਼ੇ ਦੇ ਕੈਪਸੂਲ ਬਰਾਮਦ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਇਹ ਕੈਪਸੂਲ ਨੀਮਾ ਇਕ ਝੋਲੇ 'ਚ ਰੱਖ ਕੇ ਬੱਸ ਸਟੈਂਡ ਵੱਲ ਲੈ ਕੇ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਵੇਚਣ ਦੀ ਯੋਜਨਾ ਬਣਾਈ ਹੋਈ ਸੀ ਪਰ ਪੁਲਸ ਦੀ ਚੌਕਸੀ ਨੇ ਉਸਦੀ ਇਹ ਯੋਜਨਾ ਨਾਕਾਮ ਕਰ ਦਿੱਤੀ। ਚੌਕੀ ਇੰਚਾਰਜ ਮੋਹਨ ਸਿੰਘ ਬੰਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਨੇ ਮੁਲਜ਼ਮ ਦੀਆਂ ਹਰਕਤਾਂ 'ਤੇ ਪਹਿਲਾਂ ਤੋਂ ਨਜ਼ਰ ਰੱਖੀ ਹੋਈ ਸੀ । ਜਿਵੇਂ ਹੀ ਨੀਮਾ ਝੋਲਾ ਚੁੱਕ ਕੇ ਬੱਸ ਸਟੈਂਡ ਵੱਲ ਵਧਿਆ, ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਜਾਂਚ ਦੌਰਾਨ ਝੋਲੇ 'ਚੋਂ ਨਸ਼ੇ ਦੇ ਲਗਭਗ ਇੱਕ ਹਜ਼ਾਰ ਕੈਪਸੂਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਪੱਕੀ ਖਬਰ ਸੀ ਕਿ ਨੀਮਾ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਜਦੋਂ ਉਹ ਬੱਸ ਸਟੈਂਡ ਵੱਲ ਜਾ ਰਿਹਾ ਸੀ ਤਾਂ ਉਸ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ । ਤਲਾਸ਼ੀ ਦੌਰਾਨ ਨਸ਼ੇ ਦੇ ਕੈਪਸੂਲ ਮਿਲੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।