ਸਨਾਤਨ ਚੇਤਨਾ ਮੰਚ 16 ਅਗਸਤ ਨੂੰ ਕਰਵਾਏਗੀ ਜਨਮ ਅਸ਼ਟਮੀ ਦਾ ਪ੍ਰਭਾਵਸ਼ਾਲੀ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 24 ਜੁਲਾਈ ਸਨਾਤਨ ਚੇਤਨਾ ਮੰਚ ਦੀ ਮਾਸਿਕ ਮੀਟਿੰਗ ਸਥਾਨਕ ਕਰਿਸ਼ਨਾ ਮੰਦਰ ਕੰਪਲੈਕਸ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਕੀਤੀ। ਮੀਟਿੰਗ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਮਹਾਂ-ਜਨਮ ਅਸ਼ਟਮੀ ਉਤਸਵ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਲਈ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਨੁ ਗੰਡੋਤਰਾ ਨੇ ਦੱਸਿਆ ਕਿ ਸਨਾਤਨ ਚੇਤਨਾ ਮੰਚ ਹਰ ਸਾਲ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਾ ਆ ਰਿਹਾ ਹੈ। ਇਸੇ ਤਹਿਤ ਇਸ ਸਾਲ ਵੀ ਇਹ ਸ਼ਾਨਦਾਰ ਸਮਾਰੋਹ 16 ਅਗਸਤ ਨੂੰ ਸਥਾਨਕ ਕੱਦਾਂ ਵਾਲੀ ਮੰਡੀ ਵਿੱਚ ਆਯੋਜਿਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਮੀਟਿੰਗ ਵਿੱਚ ਸਮਾਰੋਹ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਜਿਨ੍ਹਾਂ ਵਿੱਚ ਸੰਸਥਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਜਨਮ ਅਸ਼ਟਮੀ ਮਹਾ ਉਤਸਵ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ ਅਤੇ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਸਬੰਧੀ ਪ੍ਰੋਗਰਾਮ ਪੇਸ਼ ਕਰਦੇ ਹਨ। ਇਸ ਸਬੰਧੀ ਸਕੂਲਾਂ ਵਿੱਚ ਵੀ ਸਮਾਰੋਹ ਬਾਰੇ ਸੂਚਨਾਵਾਂ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਸਮਾਰੋਹ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਕੁਇਜ਼ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਇਸ ਸਾਲ ਦੇ ਸਮਾਰੋਹ ਨੂੰ ਪਿਛਲੇ ਸਾਲ ਨਾਲੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਅਨੁ ਗੰਡੋਤਰਾ ਤੋਂ ਇਲਾਵਾ ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਜਤਿੰਦਰ ਸ਼ਰਮਾ ਐੱਸ.ਡੀ.ਓ., ਮਮਤਾ ਗੋਇਲ, ਸੁਰਿੰਦਰ ਮਹਾਜਨ, ਅਨਮੋਲ ਸ਼ਰਮਾ, ਰਿੰਕੂ ਮਹਾਜਨ, ਭਰਤ ਗਾਬਾ, ਅਮਿਤ ਭੰਡਾਰੀ, ਵਿਸ਼ਾਲ ਸ਼ਰਮਾ, ਮਨੂ ਅਗਰਵਾਲ, ਪ੍ਰੋ. ਪ੍ਰਬੋਧ ਗਰੋਵਰ, ਅਸ਼ੋਕ ਮਹਾਜਨ ਸਾਹੋਵਾਲੀਆ, ਮੋਹਿਤ ਅਗਰਵਾਲ, ਅਸ਼ਵਨੀ ਮਹਾਜਨ, ਵਿਪਨ ਕੁਮਾਰ, ਰਾਕੇਸ਼ ਕੁਮਾਰ, ਸੰਨੀ ਅਰੋੜਾ, ਤ੍ਰਿਭੁਵਨ ਮਹਾਜਨ, ਵਿਸ਼ਾਲ ਅਗਰਵਾਲ, ਜਲਿਜ ਅਰੋੜਾ, ਅਨਿਲ ਕੁਮਾਰ, ਅਸ਼ਵਨੀ ਮਹਾਜਨ, ਨੀਰਜ ਸ਼ਰਮਾ, ਅਨਿਲ ਸ਼ਰਮਾ ਮਿੰਟਾ, ਚੇਤਨ ਕੁਮਾਰ, ਸੂਰਜ ਕੁਮਾਰ ਆਦਿ ਹਾਜ਼ਰ ਸਨ।