ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਜਨਤਾ ਦਾ ਸਹਿਯੋਗ ਮਿਲਣ ਲੱਗਾ-ਵਿਧਾਇਕ ਸ਼ੈਰੀ ਕਲਸੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਯਾਤਰਾ
ਰੋਹਿਤ ਗੁਪਤਾ
ਬਟਾਲਾ, 24 ਜੁਲਾਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆ ਵਿਰੁੱਧ ਇੱਕ ਯੁੱਧ ਦਾ ਐਲਾਨ ਕੀਤਾ ਹੈ, ਇਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ, ਲੋਕ ਹੁਣ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਖੁੱਲ ਕੇ ਦੇਣ ਲੱਗੇ ਹਨ, ਜਿਸ ਨਾਲ ਨਸ਼ੇ ਦੇ ਤਸਕਰਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਰਿਹਾ ਹੈ। ਉਹ ਪਿੰਡ ਦਾਣਿਆਂਵਾਲੀ ਵਿਖੇ 'ਨਸ਼ਾ ਮੁਕਤ ਯਾਤਰਾ' ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਵੀ ਚੁਕਾਈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਸ ਅਭਿਆਨ ਤਹਿਤ ਹਰ ਪਿੰਡ, ਸ਼ਹਿਰ ਗਲੀ ਮੁਹੱਲੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਵਿਕਰੇਤਾਵਾਂ ਦੀ ਸੂਚਨਾ ਬੇਖੋਫ ਹੋ ਕੇ ਦੇਣ ਤੇ ਇਹ ਵੀ ਭਰੋਸਾ ਦੇ ਰਹੇ ਹਾਂ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਨਸ਼ਿਆ ਦੀ ਜਕੜਨ ਵਿਚ ਆਏ ਭੋਲੇ ਭਾਲੇ ਲੋਕਾਂ ਨਾਲ ਹਮਦਰਦੀ ਨਾਲ ਨਜਿੱਠਿਆ ਜਾਵੇਗਾ, ਉਨ੍ਹਾਂ ਦੇ ਇਲਾਜ ਉਤੇ ਭਾਵੇ ਜਿਸ ਤਰਾਂ ਪ੍ਰਬੰਧ ਕਰਨੇ ਪੈਣ ਸਰਕਾਰ ਸੰਜੀਦਗੀ ਨਾਲ ਕੰਮ ਕਰੇਗੀ, ਪ੍ਰੰਤੂ ਇਹ ਮਿਸ਼ਨ ਸਿਰਫ ਸਰਕਾਰ ਅਤੇ ਪੁਲਿਸ ਵਿਭਾਗ ਵੱਲੋ ਸਫਲ ਨਹੀ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ਿਆ ਦੇ ਕਾਰੋਬਾਰ ਨਾਲ ਹੋਈ ਆਮਦਨ ਤੋ ਜਾਇਦਾਦਾਂ ਖੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ। ਕਈ ਥਾਵਾਂ ਤੋ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਹਨ, ਪ੍ਰੰਤੂ ਅਸੀ ਅਜਿਹੇ ਦੋਸ਼ੀਆਂ ਨੂੰ ਹੁਣ ਬਖਸ਼ਣ ਦੀ ਥਾਂ ਜੇਲ੍ਹਾ ਦੇ ਅੰਦਰ ਡੱਕ ਰਹੇ ਹਾਂ।
ਇਸ ਮੌਕੇ ਮਨਦੀਪ ਸਿੰਘ ਗਿੱਲ ਜਿਲ੍ਹਾ ਯੂਥ ਆਗੂ ਗੁਰਦਾਸਪੁਰ, ਸਰਪੰਚ ਨਿਰਮਲ ਸਿੰਘ ਪਨੂੰ, ਮਨਜੀਤ ਸਿੰਘ ਬੁਮਰਾਹ ਵਾਇਸ ਕੁਆਰਡੀਨੇਟਰ ਨਸ਼ਾ ਮੁਕਤੀ ਯਾਤਰਾ, ਭੁਪਿੰਦਰ ਸਿੰਘ, ਵੀਨੂੰ ਕਾਹਲੋਂ ਅਤੇ ਪਿੰਡ ਵਾਸੀ ਮੌਜੂਦ ਸਨ।