ਪ੍ਰਾਪਰਟੀ ਡੀਲਰ ਦੇ ਘਰ ਪੈਟਰੋਲ ਬੰਬ ਸੁੱਟ ਫਾਇਰਿੰਗ ਕਰਨ ਦੇ ਮਾਮਲੇ ਚ 6 ਗ੍ਰਿਫਤਾਰ
- ਦਾਖਾਂ ਪੁਲਿਸ ਨੇ ਇਸ ਮਾਮਲੇ ਚ 12 ਦੋਸ਼ੀਆਂ ਨੂੰ ਕੀਤਾ ਸੀ ਨਾਮਜ਼ਦ
- ਬਾਕੀ 6 ਦੋਸ਼ੀਆਂ ਦੀ ਭਾਲ ਜਾਰੀ ਜਲਦ ਹੋਵੇਗੀ ਗ੍ਰਿਫਤਾਰੀ -ਡੀਐਸਪੀ ਵਰਿੰਦਰ ਸਿੰਘ ਖੋਸਾ
ਦੀਪਕ ਜੈਨ
ਜਗਰਾਉਂ, 23 ਜੁਲਾਈ 2025 - ਬੀਤੀ 9 /10 ਜੁਲਾਈ ਦੀ ਦਰਮਿਆਨੀ ਰਾਤ 1:45 ਵਜੇ ਦੇ ਕਰੀਬ ਪਿੰਡ ਬੱਦੋਵਾਲ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਉਰਫ਼ ਯਾਦੀ ਦੇ ਘਰ ਦੇ ਬਾਹਰ ਆਈ-20 ਕਾਰ ਵਿੱਚ ਆਏ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਘਰ ਚ ਪੈਟਰੋਲ ਬੰਬ ਸੁੱਟ ਕੇ ਉਸਦੇ ਘਰ ਦੇ ਬਾਹਰ ਫਾਇਰਿੰਗ ਕਰ ਇਸ ਘਟਨਾ ਦੀ ਵੀਡੀਓਗ੍ਰਾਫੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦਾਖਾ ਪੁਲਿਸ ਨੇ ਯਾਦਵਿੰਦਰ ਸਿੰਘ ਉਰਫ਼ ਯਾਦੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੱਖ ਵੱਖ ਟੀਮਾਂ ਬਣਾ ਕੇ ਤਫਤੀਸ਼ ਸ਼ੁਰੂ ਕੀਤੀ ਤੇ ਇਸ ਮਾਮਲੇ ਵਿੱਚ 12 ਦੋਸ਼ੀਆਂ ਨੂੰ ਨਾਮਜ਼ਦ ਕੀਤਾ।ਜਿੰਨ੍ਹਾ ਵਿੱਚੋਂ ਇੱਕ ਸੂਟਰ ਹਰਪ੍ਰੀਤ ਸਿੰਘ ਭੁੱਲਰ, ਉਰਫ ਹਰਸ਼ ਪੁੱਤਰ ਸਾਹਿਬ ਸਿੰਘ ਵਾਸੀ ਮਕਾਨ ਨੰਬਰ 91-ਡੀ, ਗਲੀ ਨੰਬਰ 3, ਦੀਪ ਨਗਰ ਪਟਿਆਲਾ ਨੂੰ 18 ਜੁਲਾਈ 2025 ਨੂੰ ਗ੍ਰਿਫਤਾਰ ਕਰਕੇ ਦੋਸੀ ਪਾਸੋਂ' ਵਾਰਦਾਤ ਕਰਨ ਸਮੇਂ ਵਰਤੀ ਕਾਰ ਆਈ-20 ਰੰਗ ਚਿੱਟਾ ਛੱਤ ਕਾਲੀ ਅਤੇ ਕਾਰ ਵਿਚੋਂ ਵਿਸਫੋਟਕ ਸਮੱਗਰੀ ਬ੍ਰਾਮਦ ਕੀਤੀ।
ਅਗਲੇ ਦਿਨ 19 ਜੁਲਾਈ 2025 ਨੂੰ ਵਾਰਦਾਤ ਵਿੱਚ ਸਾਮਿਲ ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 10-ਜੇ, ਜਗਦੀਸ਼ ਕਲੋਨੀ, ਪਟਿਆਲਾ ਅਤੇ ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 47, ਲੇਨ ਨੰਬਰ 2,ਆਦਰਸ਼ ਕਲੋਨੀ, ਭਾਦਸੋ ਰੋਡ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਦੋਸੀਆਨ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਕਾਰਪਿਓ ਐੱਨ ਨੰਬਰ PB848088 ਰੰਗ ਕਾਲਾ ਬ੍ਰਾਮਦ ਕੀਤੀ ਗਈ ਅਤੇ 20 ਜੁਲਾਈ 2025 ਨੂੰ ਮੁੱਖ ਸੂਟਰ ਰਿਆਜ ਦੇ ਸਾਥੀ ਜਿਸਨੇ ਦੋਸੀਆਨ ਨੂੰ ਵਾਰਦਾਤ ਕਰਨ ਤੋਂ ਬਾਅਦ ਰਹਿਣ ਲਈ ਪਨਾਂਹ ਦਵਾਈ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਵਾਸੀ ਨਿਹਾਲ ਸਿੰਘ ਵਾਲਾ ਮੋਗਾ, ਬਲਜਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਭੰਮਾ ਲੰਡਾ ਥਾਣਾ ਘੱਲ ਖੁਰਦ ਜਿਲ੍ਹਾ ਮੋਗਾਥ ਅਤੇ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀਆਨ ਪਾਸੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਡੀਐਸਪੀ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਚ ਬਾਕੀ ਰਹਿੰਦੇ ਤਿੰਨ ਸੂਟਰਾ ਤੇ ਤਿੰਨ ਹੋਰ ਦੋਸੀਆਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਅਸਲਾ ਬ੍ਰਾਮਦ ਕਰਵਾਇਆ ਜਾਵੇਗਾ।