Big News: ਬਠਿੰਡਾ ਪੁਲਿਸ ਨੇ ‘ਮਜਨੂੰ’ ਦੇ ਪੁੱਤ ਤੇ ‘ਅੱਤਵਾਦੀ’ ਦੀ ਮਾਂ ਦੇ ਘਰਾਂ ਤੇ ਫੇਰਿਆ ਬੁਲਡੋਜਰ
ਅਸ਼ੋਕ ਵਰਮਾ
ਬਠਿੰਡਾ,23 ਜੁਲਾਈ2025:ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਵਿੱਢੇ ‘ਯੁੱਧ ਨਸ਼ਿਆਂ ਵਿਰੁੱਧ’ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਬਠਿੰਡਾ ਦੀ ਨਸ਼ੇ ਦੇ ਮਾਮਲੇ ’ਚ ਬਦਨਾਮ ਮੰਨੀ ਜਾਂਦੀ ਧੋਬੀਆਣਾ ਬਸਤੀ ਅਤੇ ਬੇਅੰਤ ਨਗਰ ’ਚ ਅੱਜ ਬੁਲਡੋਜਰਾਂ ਦੀ ਸਹਾਇਤਾ ਨਾਲ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਜ਼ਮੀਨਦੋਜ ਕਰ ਦਿੱਤਾ ਹੈ। ਜਿੰਨ੍ਹਾਂ ਨਸ਼ਾ ਤਸਕਰਾਂ ਦੀਆਂ ਰਿਹਾਇਸ਼ਾਂ ਤੇ ਅੱਜ ਬਠਿੰਡਾ ਪੁਲਿਸ ਦੀ ਅਗਵਾਈ ਹੇਠ ਪੀਲਾ ਪੰਜਾ ਚਲਾਇਆ ਗਿਆ ਉਨ੍ਹਾਂ ’ਚ ਨੀਤੂ ਪਤਨੀ ਬਲਬੀਰ ਸਿੰਘ ਵਾਸੀ ਕਰਨ ਕਬਾੜੀਏ ਵਾਲੀ ਗਲੀ ਧੋਬੀਆਣਾ ਬਸਤੀ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਪੁੱਤਰ ਮਜਨੂੰ ਸਾਹਨੀ ਵਾਸੀ ਬੇਅੰਤ ਨਗਰ ਸ਼ਾਮਲ ਦੱਸੇ ਗਏ ਹਨ। ਨੀਤੂ ਦੇ ਲੜਕੇ ਜਗਸੀਰ ਸਿੰਘ ਉਰਫ ਰਾਹੁਲ ਉਰਫ ਅੱਤਵਾਦੀ ਦਾ ਰਿਕਾਰਡ ਵੀ ਅਪਰਾਧਿਕ ਹੈ ਜੋ ਵੀ ਇਸ ਕਾਰਵਾਈ ਦਾ ਕਾਰਨ ਬਣਿਆ ਦੱਸਿਆ ਜਾ ਰਿਹਾ ਹੈ। ਜਦੋਂ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਲੋਕ ਖੁਸ਼ ਦਿਖ ਰਹੇ ਸਨ।
ਅੱਜ ਦਾ ਆਪਰੇਸ਼ਨ ਚਲਾਉਣ ਤੋਂ ਪਹਿਲਾਂ ਸਿਵਲ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਪੁਲਿਸ ਵੱਲੋਂ ਇਲਾਕੇ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਔਰਤਾਂ ਵੱਲੋਂ ਕਿਸੇ ਕਿਸਮ ਦਾ ਵਿਰੋਧ ਕਰਨ ਦੇ ਖਦਸ਼ੇ ਨੂੰ ਦੇਖਦਿਆਂ ਮਹਿਲਾ ਪੁਲਿਸ ਦੀ ਕਾਫੀ ਨਫਰੀ ਵੀ ਤਾਇਨਾਤ ਕੀਤੀ ਗਈ ਸੀ। ਹਾਲਾਂਕਿ ਇਸ ਮੌਕੇ ਕਿਸੇ ਕਿਸਮ ਦਾ ਵਿਰੋਧ ਨਹੀਂ ਹੋਇਆ ਪਰ ਇਸ ਢਾਹ ਢੁਹਾਈ ਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਪੂਰੀ ਤਰਾਂ ਮੁਸਤੈਦ ਨਜ਼ਰ ਆਇਆ । ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਤੋਂ ਇਲਾਵਾ ਪੁਲਿਸ ਦੇ ਹੋਰ ਵੀ ਕਾਫੀ ਅਧਿਕਾਰੀ ਹਾਜ਼ਰ ਸਨ ਜਿੰੰਨ੍ਹਾਂ ਨੇ ਸਮੁੱਚੀ ਕਾਰਵਾਈ ਦੀ ਦੇਖ ਰੇਖ ਕੀਤੀ ਅਤੇ ਲੁੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਪੁਲਿਸ ਅਨੁਸਾਰ ਨੀਤੂ ਪਤਨੀ ਬਲਬੀਰ ਸਿੰਘ ਖਿਲਾਫ ਥਾਣਾ ਸਿਵਲ ਲਾਈਨਜ਼ ’ਚ ਨਸ਼ਾ ਤਸਕਰੀ ਸਬੰਧੀ ਇੱਕ ਐਫਆਈਆਰ ਦਰਜ ਹੈ। ਇਸ ਮੌਕੇ ਨੀਤੂ ਤੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਸੀ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੀਤੂ ਦੇ ਲੜਕੇ ਜਗਸੀਰ ਸਿੰਘ ਉਰਫ ਰਾਹੁਲ ਉਰਫ ਅੱਤਵਾਦੀ ਖਿਲਾਫ ਵੀ ਚਾਰ ਮੁਕੱਦਮੇ ਦਰਜ ਹਨ ਜਿੰਨ੍ਹਾਂ ’ਚ ਸਾਲ 2020 ਦੌਰਾਨ ਥਾਣਾ ਸਿਵਲ ਲਾਈਨ ’ਚ ਦਰਜ ਹੋਇਆ ਕਤਲ, ਇਰਾਦਾ ਕਤਲ ਅਤੇ ਲੜਾਈ ਝਗੜੇ ਦਾ ਇੱਕ ਮੁਕੱਦਮਾ ਵੀ ਹੈ। ਏਦਾਂ ਹੀ ਰਾਹੁਲ ਉਰਫ ਅੱਤਵਾਦੀ ਖਿਲਾਫ ਥਾਣਾ ਸਿਵਲ ਲਾਈਨਜ਼ ’ਚ ਚਾਰ ਹੋਰ ਮੁਕੱਦਮੇ ਦਰਜ ਹਨ ਜਿੰਨ੍ਹਾਂ ’ਚ ਆਖਰੀ 28 ਫਰਵਰੀ 2025 ਦੀ ਐਫਆਈਆਰ ਹੈ ਜੋ ਲੜਾਈ ਝਗੜੇ ਅਤੇ ਹਮਲਾ ਕਰਨ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸੇ ਤਰਾਂ ਰਮੇਸ਼ ਸਾਹਨੀ ਉਰਫ ਰੈਂਬੋ ਪੁੱਤਰ ਮਜਨੂੰ ਸਾਹਨੀ ਖਿਲਾਫ 16 ਮੁਕੱਦਮੇ ਦਰਜ ਹਨ। ਇੰਨ੍ਹਾਂ ਤਿੰਨ ਮੁਕੱਦਮੇ ਥਾਣਾ ਸਿਵਲ ਲਾਈਨ ਥਾਣੇ ’ਚ ਨਸ਼ਾ ਤਸਕਰੀ ਨਾਲ ਸਬੰਧਤ ਹਨ ਜਦੋਂਕਿ ਥਾਣਾ ਕੈਂਟ ’ਚ ਐਕਸਾਈਜ਼ ਐਕਟ ਦੇ ਇੱਕ ਤੋਂ ਇਲਾਕਾ ਇੱਕ ਥਾਣਾ ਕੋਤਵਾਲੀ ਅਤੇ ਬਾਕੀ ਥਾਣਾ ਸਿਵਲ ਲਾਈਨ ਨਾਲ ਸਬੰਧਤ ਹਨ।
ਵਿਵਾਦਾਂ ’ਚ ਰਿਹਾ ਪਹਿਲਾਂ ਵੀ ਰੈਂਬੋ
ਨਸ਼ਾ ਤਸਕਰੀ ਕਾਰਨ ਪੁਲਿਸ ਕਾਰਵਾਈ ਦਾ ਸ਼ਿਕਾਰ ਹੋਇਆ ਰਮੇਸ਼ ਸਾਹਨੀ ਉਰਫ ਰੈਂਬੋਂ ਵਾਸੀ ਬੇਅੰਤ ਨਗਰ ਪਹਿਲਾਂ ਵੀ ਕਾਫੀ ਵਿਵਾਦਾਂ ’ਚ ਰਿਹਾ ਹੈ। ਸ਼ਹਿਰ ਦਾ ਇੱਕ ਵੱਡਾ ਸਿਆਸੀ ਆਗੂ ਦਸੰਬਰ 2021 ’ਚ ਜਦੋਂ ਰੈਂਬੋ ਨੂੰ ਪੁਲਿਸ ਕੋਲ ਪੇਸ਼ ਕਰਨ ਲਈ ਲਿਆਇਆ ਸੀ ਤਾਂ ਉਦੋਂ ਕਾਫੀ ਹੰਗਾਮਾਂ ਹੋਇਆ ਸੀ। ਇਸ ਮੌਕੇ ਰੈਂਬੋ ਨੇ ਇੱਕ ਐਸਐਚਓ ਤੇ ਨਸ਼ਾ ਵਿਕਵਾਉਣ ਦੇ ਦੋਸ਼ ਲਾਏ ਸਨ ਅਤੇ ਦੋ ਸਥਾਨਕ ਆਗੂਆਂ ਦੀ ਭੂਮਿਕਾ ਤੇ ਵੀ ਉੱਗਲ ਚੁੱਕੀ ਸੀ। ਰੈਂਬੋ ਦੇ ਪਿਛਲੇ ਰਿਕਾਰਡ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਹਾਲਾਂਕਿ ਮਾਮਲੇ ਨੂੰ ਸੰਜੀਦਗੀ ਨਾਲ ਨਾਂ ਲਿਆ ਪਰ ਉਦੋਂ ਕਈ ਦਿਨ ਤੱਕ ਰੌਲਾ ਰੱਪਾ ਪੈਂਦਾ ਰਿਹਾ ਅਤੇ ਪੁਲਿਸ ਨੂੰ ਸਫਾਈ ਤੱਕ ਦੇਣੀ ਪਈ ਸੀ।
ਲੇਬਰ ਦੇ ਹੱਥ ਖੜ੍ਹੇ ਕਰਵਾਏ
ਨਸ਼ਾ ਤਸਕਰ ਰਮੇਸ਼ ਸਾਹਨੀ ਉਰਫ ਰੈਂਬੋ ਦੀ ਅੱਜ ਦੂਸਰੀ ਇਮਾਰਤ ਤੇ ਕਾਰਵਾਈ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਉਸ ਦੀ ਨਜਾਇਜ ਇਮਾਰਤ ਢਾਹੀ ਜਾ ਚੁੱਕੀ ਹੈ। ਅੱਜ ਜੋ ਇਮਾਰਤ ਢਾਹੀ ਉਹ ਤਿੰਨ ਮੰਜਿਲਾ ਸੀ ਜਿਸ ਨੂੰ ਹਥੌੜਿਆਂ ਨਾਲ ਤੋੜਨ ਮੌਕੇ ਮਜ਼ਦੂਰਾਂ ਦੇ ਪਸੀਨੇ ਛੁੱਟ ਗਏ। ਇਸ ਇਮਾਰਤ ਨੂੰ ਜੇਕਰ ਬੁਲਡੋਜਰ ਨਾਲ ਢਾਹਿਆ ਜਾਂਦਾ ਤਾਂ ਨਾਲ ਲੱਗਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜ ਸਕਦਾ ਸੀ। ਇਸ ਗੱਲ ਨੂੰ ਮੁੱਖ ਰੱਖਦਿਆਂ ਪ੍ਰਸ਼ਾਸ਼ਨ ਨੇ ਬਿਲਡਿੰਗ ਢਾਹੁਣ ਲਈ ਮਜ਼ਦੂਰ ਬੁਲਾਏ ਸਨ ਜਿੰਨ੍ਹਾਂ ਨੂੰ ਹੁੰਮਸ ਭਰੇ ਮੌਸਮ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਾਸ਼ਨ ਵੱਲੋਂ ਜਾਰੀ ਪ੍ਰੈਸ ਨੋਟ
ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਡਿਪਟੀ ਕਮਿਸ਼ਨਰ ਨੇ ਇਹ ਗੈਰ ਕਾਨੂੰਨੀ ਇਮਾਰਤਾਂ ਢਾਹੁਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਸੀ। ਨੀਤੂ ਪਤਨੀ ਬਲਬੀਰ ਸਿੰਘ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਪੁੱਤਰ ਮਜਨੂੰ ਸਾਹਨੀ ਨੇ ਗੈਰ ਕਾਨੂੰਨੀ ਇਮਾਰਤਾਂ ਬਣਾਈਆਂ ਸਨ। ਇਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ ਪਰ ਕਬਜਾਕਾਰੀਆਂ ਨੇ ਖਾਲੀ ਤਾਂ ਕੀਤਾ ਤਾਂ ਇਹ ਬੁਲਡੋਜਰ ਕਾਰਵਾਈ ਕੀਤੀ ਗਈ ਹੈ। ਪ੍ਰੈਸ ਨੋਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਵਿਆਪਕ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਨੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਸਹਿਯੋਗ ਦੇਣ ਦੀ ਮੰਗ ਕਰਦਿਆਂ ਨਸ਼ਾ ਤਸਕਰੀ ਸਬੰਧੀ ਸੂਚਨਾ ਐਂਟੀ ਡਰੱਗ ਹੈਲਪਲਾਈਨ 97791-00200 ਜਾਂ ਫਿਰ ਬਠਿੰਡਾ ਪੁਲਿਸ ਨੂੰ 91155-02252 ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਜਿਸ ਨੂੰ ਗੁਪਤ ਰੱਖਿਆ ਜਾਏਗਾ।