ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ
“ਮੇਲੇ ‘ਤੇ ਚਮਕਿਆ ਪੰਜਾਬੀਅਤ ਦਾ ਰੰਗ”
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆਂ 22 ਅਪ੍ਰੈਲ 2025- ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕਰਦਰਜ਼ ਦੇ ਗੁਰਦਵਾਰਾ ਪੈਸੇਫਿੱਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਸੌਗੀ ਕਿੰਗ ਵਜੋਂ ਜਾਣੇ ਜਾਂਦੇ ਸ. ਚਰਨਜੀਤ ਸਿੰਘ ਬਾਠ ਨੇ ਆਪਣੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਸਲਾਨਾ ਵਿਸਾਖੀ ਮੇਲਾ ਬੜੀ ਧੂੰਮ-ਧਾਮ ਨਾਲ ਮਨਾਇਆ। ਮੇਲੇ ਵਿੱਚ ਲਾਲ, ਨੀਲੀਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਖਾਲਸਾਈ ਜਾਹੋ ਜਲਾਲ ਵਿੱਚ ਰੰਗੇ ਕਿੱਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਇਸ ਮੌਕੇ ਗੁਰੂਘਰ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਗਏ। ਜਿੱਥੇ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਅਤੇ ਹੋਰ ਬਹੁਤ ਸਾਰੇ ਕੀਰਤਨੀ ਜੱਥਿਆਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ।
ਇਸ ਸਮੇਂ ਦਰਬਾਰ ਸਾਹਿਬ ਵਿੱਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਭਾਰੀ ਇਕੱਠ ਸਾਰਾ ਦਿਨ ਜੁੜਿਆ ਰਿਹਾ। ਇਸ ਮੌਕੇ ਫਰਿਜ਼ਨੋ ਕਾਉਟੀ ਦੇ ਸ਼ੈਰਫ ਡਿਪਾਰਟਮੈਂਟ ਦੇ ਮੁੱਖੀ ਮਿਸਟਰ ਜੌਨ ਜਾਨੋਨੀ ਅਤੇ ਸਾਬਕਾ ਸ਼ੈਰਫ ਮੁੱਖੀ ਮਾਰਗਰੇਟ ਮਿੰਮ ਨੂੰ ਵੀ ਚਰਨਜੀਤ ਸਿੰਘ ਬਾਠ ਅਤੇ ਮੇਲੇ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਪ੍ਰੋਗਰਾਮਾਂ ਦੌਰਾਨ ਹਾਜ਼ਰ ਸੰਗਤਾਂ ਨੇ ਸੁਆਦਿਸਟ ਲੰਗਰਾਂ ਦਾ ਵੀ ਭਰਪੂਰ ਅਨੰਦ ਮਾਣਿਆ। ਗੁਰਦਵਾਰਾ ਸਹਿਬ ਦੀਆਂ ਗਰਾਉਂਡਾ ਵਿੱਚ ਝੂਲੇ, ਚੰਡੋਲ ਅਤੇ ਹੋਰ ਰਾਈਡਾਂ ਬੱਚਿਆਂ ਲਈ ਖਾਸ ਅਕਰਸ਼ਕ ਰਹੀਆਂ। ਪ੍ਰਬੰਧਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਵੀ ਕਰਵਾਈਆਂ ਗਈਆ। ਬਾਸਕਟਵਾਲ ਅਤੇ ਵਾਲੀਬਾਲ ਦੇ ਮੈਚ ਵੀ ਹੋਏ। ਰੱਸਾਕਸ਼ੀ ਦੇ ਜੌਹਰ ਵੇਖਣ ਨੂੰ ਮਿਲੇ। ਇਸ ਮੌਕੇ ਸੱਭਿਆਚਾਰ ਸਟੇਜ ਦਾ ਅਗਾਜ਼ ਪੰਜਾਬੀ ਸਟੇਜ਼ਾ ਦੀ ਮਲਕਾ ਅਤੇ ਸਟੇਜ਼ ਸੰਚਾਲਕ ਬੀਬੀ ਆਸ਼ਾ ਸ਼ਰਮਾਂ ਨੇ ਸਭ ਨੂੰ ਜੀ ਆਇਆਂ ਕਹਿਣ ਨਾਲ ਕੀਤਾ। ਇਸ ਸਮੇਂ ਸੁਰੂਆਤ ਵਿੱਚ ਬੋਲਦੇ ਹੋਏ ਭਾਈ ਪਰਮਪਾਲ ਸਿੰਘ ਵੀ ਸਿੱਖ ਸਿਧਾਂਤਾਂ ਦੀ ਗੱਲ ਕੀਤੀ। ਇਸ ਉਪਰੰਤ ਹੋਈ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ।
ਇਸ ਸਮੇਂ ਗਾਇਕੀ ਦੇ ਅਖਾੜੇ ਵਿੱਚ ਬੀਬਾ ਦਿਲਪ੍ਰੀਤ ਕੌਰ ਅਤੇ ਪੱਪੀ ਭਦੌੜ ਦੀ ਜੋੜੀ ਨੇ ਖੂਬ ਰੰਗ ਬੰਨਿਆਂ। ਜੀ. ਐਚ. ਜੀ. ਡਾਂਸ ਅਤੇ ਸੰਗੀਤ ਅਕੈਡਮੀਂ, ਕਰੰਦਰਜ਼ ਦੇ ਬੱਚਿਆਂ ਦੀ ਟੀਮ ਅਤੇ ਹੋਰ ਬਹੁਤ ਸਾਰੀਆਂ ਵੱਖ-ਵੱਖ ਟੀਮਾਂ ਨੇ ਗਿੱਧੇ ਅਤੇ ਭੰਗੜੇ ਦੀਆਂ ਖੂਬ ਰੌਣਕਾਂ ਲਾ ਹਾਜ਼ਰੀਨ ਨੂੰ ਪੰਜਾਬ ਯਾਦ ਕਰਵਾ ਦਿੱਤਾ। ਇਸ ਵਿਸਾਖੀ ਮੇਲੇ ਦੌਰਾਨ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਵੱਲੋਂ ਸੰਗਤਾਂ ਲਈ ਦਸਤਾਰਾਂ ਬੰਨਣ ਦਾ ਲੰਗਰ (ਸਟਾਲ) ਵੀ ਲਾਇਆ ਹੋਇਆ ਸੀ। ਇਸੇ ਤਰਾਂ ਮੇਲੇ ਵਿੱਚ ਬਹੁਤ ਸਾਰੇ ਵਿਉਪਾਰਕ ਅਦਾਰਿਆਂ ਦੁਆਰਾ ਆਪਣੇ ਜਾਣਕਾਰੀ ਮੁਹੱਈਆਂ ਕਰਦੇ ਬੂਥ ਵੀ ਲਾਏ ਹੋਏ ਸਨ। ਜਦ ਕਿ ਇਸ ਤੋਂ ਇਲਾਵਾ ਕਈ ਗਰੁੱਪਾਂ ਵੱਲੋਂ ਮੇਲੇ ਵਿੱਚ ਆਏ ਮੇਲੀਆਂ ਲਈ ਪਾਣੀ, ਜੂਸ਼, ਸ਼ੋਡੇ ਅਤੇ ਆਈਸਕ੍ਰੀਮ ਆਦਿਕ ਦੇ ਫਰੀ ਲੰਗਰ ਵੀ ਲਾਏ ਹੋਏ ਸਨ।
ਸਟੇਜ਼ ਸੰਚਾਲਨ ਬੀਬੀ ਆਸ਼ਾ ਸ਼ਰਮਾਂ ਨੇ ਬਾਖੂਬੀ ਵਿਸਾਖੀ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਮੇਲੇ ਵਿੱਚ ਲੱਗੇ ਹੋਏ ਸਟਾਲਾਂ ਤੋਂ ਲੋਕ ਵੱਖੋ ਵੱਖ ਜਾਣਕਾਰੀ ਲੈ ਰਹੇ ਸਨ। ਦਸਤਾਰਾਂ ਸਜਾਉਣ ਦਾ ਬੂਥ ਵੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਿਹਾ। ਜਦ ਕਿ ਕੱਪੜਿਆਂ ਅਤੇ ਹੋਰ ਵਸਤਾਂ ਦੇ ਸਟਾਲ ਵੀ ਖਰੀਦ ਕਰਨ ਵਾਲਿਆਂ ਲਈ ਭਰੇ ਰਹੇ। ਅੰਤ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਖਾਲਸਾਈ ਜਾਹੋ ਜਲਾਲ ਵਿੱਚ ਵਿਸਾਖੀ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲੇ ਵਿੱਚ “ਧਾਲੀਆਂ ਐਂਡ ਮਾਛੀਕੇ ਮੀਡੀਆ ਅਮਰੀਕਾ” ਨੇ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਸੇਵਾਵਾ ਨਿਭਾਈਆਂ। ਮੁੱਖ ਪ੍ਰਬੰਧਕ ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਨੇ ਸਮੂੰਹ ਸਿੱਖ ਜਗਤ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਆਪਣੀਆ ਅਮਿੱਟ ਯਾਦਾਂ ਛੱਡਦਾ ਹੋਇਆ ਇਸ ਸਾਲ ਦਾ ਵਿਸਾਖੀ ਮੇਲਾ ਯਾਦਗਾਰੀ ਹੋ ਨਿਬੜਿਆ।