ਨਿਰੰਕਾਰੀ ਮਿਸ਼ਨ ਵੱਲੋਂ ਮਾਨਵ ਏਕਤਾ ਦਿਵਸ ਮੌਕੇ ਲਾਏ ਗਏ ਕੈਂਪ ਦੌਰਾਨ 145 ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ, 2025: ਸੰਤ ਨਿਰੰਕਾਰੀ ਮਿਸ਼ਨ ਦੇ ਮਰਹੂਮ ਮੁਖੀ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ ਸੰਤ ਨਿਰੰਕਾਰੀ ਫਾਊਂਡੇਸ਼ਨ ਦੀ ਅਗਵਾਈ ਹੇਠ ਮਾਨਵਤਾ ਦਿਵਸ ਮੌਕੇ ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ ਵਿਖੇ ਲਾਏ ਕੈਂਪ ਦੌਰਾਨ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ 145 ਯੂਨਿਟ ਖੂਨ ਦਾਨ ਕੀਤਾ ।ਇਸ ਕੈਂਪ ਦਾ ਉਦਘਾਟਨ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਡਾ: ਰਮਨ ਸਿੰਗਲਾ ਨੇ ਕੀਤਾ।
ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ, ਬਠਿੰਡਾ ਦੇ ਬਲੱਡ ਬੈਂਕ ਦੇ ਮਾਹਿਰ ਡਾ: ਰੀਤਿਕਾ, ਬੀ.ਟੀ.ੳ. ਦੀ ਟੀਮ ਨੇ 90 ਯੂਨਿਟ ਖੂਨ ਇਕੱਤਰ ਕੀਤਾ ਅਤੇ ਏਮਜ਼ ਬਠਿੰਡਾ ਦੇ ਡਾ: ਪ੍ਰਸ਼ਾਂਤ ਸਵਾਮੀ, ਡਾ: ਮਨਵਿੰਦਰ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ 55 ਯੂਨਿਟ ਖੂਨ ਇਕੱਤਰ ਕੀਤਾ।ਦੋਨੋ ਟੀਮਾਂ ਨੇ ਕੁਲ 145 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਿਸ਼ਨ ਵੱਲੋਂ ਇਸ ਕੈਂਪ ਵਿੱਚ ਸਾਫ਼-ਸਫ਼ਾਈ ਵੱਲ ਦਿੱਤੇ ਗਏ ਵਿਸ਼ੇਸ਼ ਧਿਆਨ ਅਤੇ ਖੂਨਦਾਨੀਆਂ ਲਈ ਸ਼ਾਨਦਾਰ ਰਿਫਰੈਸ਼ਮੈਂਟ ਪ੍ਰਬੰਧਾਂ ਨੇ ਇਸ ਸੇਵਾ ਨੂੰ ਹੋਰ ਵੀ ਵਿਵਸਥਿਤ ਅਤੇ ਸਨਮਾਨਜਨਕ ਬਣਾਇਆ। ਸੰਤ ਨਿਰੰਕਾਰੀ ਜੋਨ ਬਠਿੰਡਾ ਦੇ ਮੁਖੀ ਐਸਪੀ ਦੁੱਗਲ ਨੇ ਦੱਸਿਆ ਕਿ ਹਰ ਸਾਲ 24 ਅਪ੍ਰੈਲ ਨੂੰ ਬਾਬਾ ਗੁਰਬਚਨ ਸਿੰਘ ਦੀ ਪਵਿੱਤਰ ਯਾਦ ਵਿੱਚ ਸ਼ਰਧਾ ਅਤੇ ਅਧਿਆਤਮਕ ਮਾਹੌਲ ਦੌਰਾਨ ਮਾਨਵ ਏਕਤਾ ਦਿਵਸ ਮਨਾਇਆ ਜਾਂਦਾ ਹੈ।