ਮੋਹਾਲੀ ਦੀਆਂ ਸੜਕਾਂ ਤੋਂ ਭੀੜ-ਭੜੱਕੇ ਨੂੰ ਘਟਾਉਣ ਦੀ ਯੋਜਨਾ 'ਤੇ ਵਿਭਾਗਾਂ ਨੂੰ ਮਿੱਥੇ ਸਮੇਂ ਅਨੁਸਾਰ ਕਾਰਜ ਕਰਨ ਦੇ ਆਦੇਸ਼
ਹਰਜਿੰਦਰ ਸਿੰਘ ਭੱਟੀ
- ਸੀ.ਪੀ. 67 ਮਾਲ ਅਤੇ ਗੁਰਦੁਆਰਾ ਸਾਹਿਬ ਨੇੜੇ ਲੱਗਦੇ ਟ੍ਰੈਫਿਕ ਜਾਮ ਨੂੰ ਖਤਮ ਕਰਨ ਲਈ ਸਮਾਨਾਂਤਰ ਸੜਕ ਦੀ ਵਰਤੋਂ ਕੀਤੀ ਜਾਵੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਪ੍ਰੈਲ, 2025: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਜ਼ਿਲ੍ਹੇ ਦੀਆਂ ਸੜਕਾਂ, ਖਾਸ ਕਰਕੇ ਏਅਰਪੋਰਟ ਰੋਡ ਦੇ ਭੀੜ-ਭੜੱਕੇ ਨੂੰ ਘਟਾਉਣ ਦੀ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇਸ ਰੂਟ 'ਤੇ ਰੋਜ਼ਾਨਾ ਜਾਣ ਵਾਲੇ ਯਾਤਰੀਆਂ ਨੂੰ ਕੁਝ ਰਾਹਤ ਦੇਣ ਲਈ ਭੀੜ-ਭੜੱਕੇ ਨੂੰ ਘਟਾਉਣ ਦੀ ਯੋਜਨਾ 'ਤੇ ਅਧਿਕਾਰੀਆਂ ਨੂੰ ਮਿੱਥੇ ਸਮੇਂ ਤੇ ਕੰਮ ਕਰਨ ਲਈ ਕਿਹਾ।
ਡੀ.ਸੀ ਨੇ ਭੀੜ-ਭੜੱਕਾ ਘਟਾਉਣ ਦੀ ਯੋਜਨਾ ਦੇ ਹਿੱਸੇਦਾਰ ਵਿਭਾਗਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਭੀੜ ਭੜੱਕੇ 'ਤੇ ਤਾਂ ਹੀ ਕਾਬੂ ਪਾਇਆ ਜਾ ਸਕਦਾ ਹੈ, ਜੇਕਰ ਇਸ ਕੰਮ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਯੋਜਨਾ ਨੂੰ ਸਾਕਾਰ ਕਰਨ ਲਈ ਲੋੜੀਂਦੇ ਸਾਰੇ ਕੰਮਾਂ ਅਤੇ ਪ੍ਰਵਾਨਗੀਆਂ ਨੂੰ ਹਰ ਪੱਧਰ 'ਤੇ ਤੇਜ਼ ਕੀਤਾ ਜਾਵੇ।
ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਬਾਵਾ ਵ੍ਹਾਈਟ ਹਾਊਸ ਤੋਂ ਸ਼ੁਰੂ ਹੋਣ ਵਾਲੇ ਨਵੇਂ ਰੂਟ 'ਤੇ ਲੰਬਿਤ ਪ੍ਰਵਾਨਗੀ ਨੂੰ ਜਲਦੀ ਪੂਰਾ ਕਰਨ ਅਤੇ ਏਅਰਪੋਰਟ ਰੋਡ 'ਤੇ ਜੇਐਲਪੀਐਲ ਕਰਾਸਿੰਗ 'ਤੇ ਦੋ ਵਾਧੂ ਬਾਕਸਾਂ ਦੀ ਉਸਾਰੀ ਕਰਨ ਤਾਂ ਜੋ ਆਵਾਜਾਈ ਵਿੱਚ ਪੈਦਾ ਹੋਈਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ।
ਗਮਾਡਾ ਏ ਸੀ ਏ ਅਤੇ ਇੰਜੀਨੀਅਰਿੰਗ ਵਿੰਗ ਨੂੰ ਅਜੀਤ ਪ੍ਰੈਸ ਰੋਡ ਤੋਂ ਸ਼ੁਰੂ ਹੋ ਕੇ 74 ਤੱਕ ਚਾਰ-ਮਾਰਗੀ ਕਰਨ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕਿਹਾ ਗਿਆ ਜੋ ਕਿ ਪੀ ਆਰ 6 ਨੂੰ ਮਿਲ ਕੇ ਇੱਕ ਹੋਰ ਸਮਾਨਾਂਤਰ ਸੜਕ ਪ੍ਰਦਾਨ ਕਰੇਗਾ।
ਏਅਰਪੋਰਟ ਰੋਡ 'ਤੇ ਟ੍ਰੈਫਿਕ ਲਾਈਟਾਂ ਦੇ ਸਿੰਕ੍ਰੋਨਾਈਜ਼ੇਸ਼ਨ ਲਈ ਸ਼ਹਿਰ ਵਾਸੀਆਂ ਦੇ ਫੀਡਬੈਕ ਨੂੰ ਸਵੀਕਾਰ ਕਰਦੇ ਹੋਏ, ਡਿਪਟੀ ਕਮਿਸ਼ਨਰ ਸ਼੍ਰੀਮਤੀ ਮਿੱਤਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੋਹਾਲੀ ਪੁਲਿਸ ਨਾਲ ਸਲਾਹ-ਮਸ਼ਵਰਾ ਕਰਕੇ ਟ੍ਰੈਫਿਕ ਸਿਗਨਲਜ਼ ਨੂੰ ਸਿੰਕ੍ਰੋਨਾਈਜ਼ ਕਰਨ ਤਾਂ ਜੋ ਹਰੇਕ ਲਾਈਟ 'ਤੇ ਟ੍ਰੈਫਿਕ ਦੇ ਰੁਕਣ ਦਾ ਸਮਾਂ ਘਟਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਨੂੰ ਸਾਰੇ ਹਿੱਸੇਦਾਰਾਂ ਨਾਲ ਨਿਯਮਤ ਤਾਲਮੇਲ ਰੱਖਣ ਲਈ ਕਿਹਾ। ਉਨ੍ਹਾਂ ਮੋਹਾਲੀ ਵਿੱਚ ਵਧੇਰੇ ਆਵਾਜਾਈ ਵਾਲੀਆਂ ਸੜਕਾਂ ਤੇ ਲੱਗਦੇ ਟ੍ਰੈਫਿਕ ਜਾਮ ਨੂੰ ਦੇਖਦੇ ਹੋਏ ਕਿਹਾ ਕਿ ਯਾਤਰੀ ਅਤੇ ਵਸਨੀਕ ਜ਼ਮੀਨੀ ਪੱਧਰ 'ਤੇ ਠੋਸ ਨਤੀਜੇ ਚਾਹੁੰਦੇ ਹਨ, ਇਸ ਲਈ ਸਾਨੂੰ ਜ਼ਮੀਨੀ ਪੱਧਰ 'ਤੇ ਭੀੜ-ਭੜੱਕੇ ਨੂੰ ਘਟਾਉਣ ਦੀ ਯੋਜਨਾ ਨੂੰ ਸਮੇਂ ਸਿਰ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਯਾਤਰੀਆਂ ਅਤੇ ਵਸਨੀਕਾਂ ਨੂੰ ਭੀੜ-ਭੜੱਕੇ ਤੋਂ ਜਲਦ ਛੁਟਕਾਰਾ ਮਿਲ ਸਕੇ।