ਜੇਕਰ ਸਰਕਾਰ ਨਾਲ ਜੁੜੇ ਅਦਾਰੇ ਹੀ ਨਹੀਂ ਰੱਖਣਗੇ ਧਿਆਨ ਤਾਂ ਕਿਵੇਂ ਰਹਿਣਗੇ ਕੁਦਰਤੀ ਸੋਮੇ ਸਾਫ ਸੁਥਰੇ
ਰੋਹਿਤ ਗੁਪਤਾ
ਗੁਰਦਾਸਪੁਰ 25 ਅਪ੍ਰੈਲ 2025 - ਕਈ ਸਮਾਜਸੇਵੀ ਜਥੇਬੰਦੀਆਂ ਕੁਦਰਤੀ ਸੋਮਿਆ ਤੇ ਨਹਿਰਾਂ ਦੀ ਸਫਾਈ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ ਅਤੇ ਸਰਕਾਰ ਵੀ ਸਮੇਂ ਸਮੇਂ ਤੇ ਲੋਕਾਂ ਨੂੰ ਕੁਦਰਤੀ ਸੋਮਿਆਂ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕਰਦੀ ਰਹਿੰਦੀ ਹੈ ਪਰ ਸਰਕਾਰ ਨਾਲ ਜੁੜੇ ਕੁਝ ਪ੍ਰਾਈਵੇਟ ਅਦਾਰੇ ਇਸ ਮਾਮਲੇ ਵਿੱਚ ਕਿਸੇ ਵੀ ਹਿਦਾਇਤ ਦੀ ਪਰਵਾਹ ਨਹੀਂ ਕਰਦੇ। ਗੁਰਦਾਸਪੁਰ ਸ੍ਰੀ ਹਰਗੋਬਿੰਦ ਪੁਰ ਰੋਡ ਤੇ ਸਥਿਤ ਬੱਬੇਹਾਲੀ ਪੁੱਲ ਤੇ 2007 _08 ਵਿੱਚ ਤਤਕਾਲੀ ਸੂਬਾ ਸਰਕਾਰ ਵੱਲੋਂ ਬਿਜਲੀ ਬਣਾਉਣ ਦਾ ਇੱਕ ਪਾਵਰ ਪਲਾਂਟ ਲਗਾਇਆ ਗਿਆ ਸੀ। ਯੂਨਿਟ ਹੁਣ 2.7 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ। ਇਸ ਪ੍ਰੋਜੈਕਟ ਦਾ ਸੰਚਾਲਨ ਇੱਕ ਪ੍ਰਾਈਵੇਟ ਕੰਪਨੀ ਗਿੱਲ ਪਾਵਰ ਜਨਰੇਸ਼ਨ ਕੰਪਨੀ ਪ੍ਰਾਈਵੇਟ ਲਿਮਟਿਡ ਕਰ ਰਹੀ ਹੈ ।
ਬਿਜਲੀ ਬਣਾਉਣ ਲਈ ਕੰਪਨੀ ਵੱਲੋਂ ਅਪਰਬਾਰੀ ਦੁਆਬ ਨਹਿਰ ਵਿੱਚੋਂ ਪਾਣੀ ਲਿਆ ਜਾਂਦਾ ਹੈ ਜੋ ਰਾਵੀ ਦਰਿਆ ਵਿੱਚੋਂ ਨਿਕਲਦੀ ਹੈ ਤੇ ਤਿਬੜੀ ਤੋਂ ਹੁੰਦੀ ਹੋਈ ਇਸ ਪਾਸੇ ਆਉਂਦੀ ਹੈ। ਬਿਜਲੀ ਬਣਾਉਣ ਲਈ ਸਾਫ ਪਾਣੀ ਦੀ ਲੋੜ ਹੁੰਦੀ ਹੈ । ਇਸ ਵਿੱਚ ਕੂੜਾ ਕਚਰਾ ਨਹੀਂ ਹੋਣਾ ਚਾਹੀਦਾ ਇਸ ਲਈ ਬਿਜਲੀ ਬਣਾਉਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਪਾਣੀ ਵਿੱਚ ਕੂੜਾ ਕਚਰਾ ਨਾ ਜਾਵੇ ਇਸ ਦੇ ਲਈ ਜੰਗਲੇ ਲਗਾ ਕੇ ਕੂੜਾ ਕਚਰਾ ਰੋਕਿਆ ਜਾਂਦਾ ਹੈ। ਬਾਅਦ ਵਿੱਚ ਇਹ ਕੂੜਾ ਕਚਰਾ ਜੰਗਲੇ ਚੋਂ ਕੱਢ ਕੇ ਇੱਕ ਥਾਂ ਤੇ ਰੱਖ ਲਿਆ ਜਾਂਦਾ ਹੈ। ਜਿਸ ਕਾਰਨ ਨਹਿਰ ਦੀ ਵੀ ਕਾਫੀ ਹੱਦ ਤੱਕ ਸਫਾਈ ਹੋ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਗਿੱਲ ਪਾਵਰ ਜਨਰੇਸ਼ਨ ਕੰਪਨੀ ਪ੍ਰਾਈਵੇਟ ਲਿਮਿਟਿਡ ਵੱਲੋਂ ਨਹਿਰ ਵਿੱਚੋਂ ਇੱਕ ਪਾਸਿਓ ਕੂੜਾ ਕੱਢ ਕੇ ਦੂਜੇ ਪਾਸੇ ਨਹਿਰ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ। ਇਹ ਕਿਦੋਂ ਤੋਂ ਚੱਲ ਰਿਹਾ ਹੈ ਇਹ ਤਾਂ ਕਿਹਾ ਨਹੀਂ ਜਾ ਸਕਦਾ ਪਰ ਕੁਝ ਜਾਗਰੂਕ ਨਾਗਰਿਕਾਂ ਨੇ ਜਦੋਂ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਤਾਂ ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਉਸ ਦੀ ਵੀਡੀਓ ਬਣਾ ਲਈ । ਨਹਿਰ ਸੁੱਕੀ ਪਈ ਸੀ , ਕਿਉਂਕਿ ਪਾਣੀ ਪਿੱਛੋਂ ਰੋਕ ਲਿਆ ਗਿਆ ਸੀ ਪਰ ਕੰਪਨੀ ਵੱਲੋਂ ਨਹਿਰ ਵਿੱਚ ਸੁੱਟੇ ਜਾਣ ਵਾਲੇ ਕੂੜੇ ਦੇ ਢੇਰ ਕਿਨਾਰੇ ਤੇ ਸਾਫ ਨਜ਼ਰ ਆ ਰਹੇ ਸਨ। ਇਹੋ ਨਹੀਂ ਪਾਵਰ ਪਲਾਂਟ ਦੇ ਅੰਦਰ ਵੀ ਕੂੜੇ ਦੇ ਢੇਰ ਲੱਗੇ ਸਨ ਜੋ ਜਾਹਰ ਤੌਰ ਤੇ ਨਹਿਰ ਵਿੱਚ ਹੀ ਸੁੱਟੇ ਜਾਣੇ ਸਨ।
ਜਦੋਂ ਇਸ ਬਾਰੇ ਪਾਵਰ ਪਲਾਂਟ ਵਿੱਚ ਮੌਜੂਦ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜੋ ਹੁਕਮ ਹੁੰਦੇ ਹਨ ਉਹ ਉਹੀ ਕਰਦੇ ਹਨ ਤੇ ਜਦੋਂ ਇਸ ਬਾਰੇ ਕੰਪਨੀ ਦੇ ਮੈਨੇਜਰ ਸਾਹਿਲ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਜੁਆਇਨ ਕੀਤੇ ਸਿਰਫ ਤਿੰਨ ਮਹੀਨੇ ਹੀ ਹੋਏ ਹਨ। ਪਹਿਲਾਂ ਕੀ ਹੁੰਦਾ ਸੀ ਉਹਨਾਂ ਨੂੰ ਨਹੀਂ ਪਤਾ ਪਰ ਹੁਣ ਉਹ ਨਹਿਰ ਵਿੱਚੋਂ ਕੂੜਾ ਕਚਰਾ ਕਢਵਾ ਕੇ ਇੱਕ ਥਾਂ ਤੇ ਇਕੱਠਾ ਕਰਵਾਉਂਦੇ ਹਨ ਅਤੇ ਜਦੋਂ ਕੂੜਾ ਸੁੱਕ ਜਾਂਦਾ ਹੈ ਤਾਂ ਉਸਨੂੰ ਅੱਗ ਲਗਵਾ ਦਿੰਦੇ ਹਨ। ਇਹ ਪੁੱਛੇ ਜਾਣ ਤੇ ਕਿ ਜੇ ਕੁੜਾ ਨਹਿਰ ਵਿੱਚ ਨਹੀਂ ਸੁੱਟਿਆ ਜਾਂਦਾ ਤਾਂ ਅੱਜ ਕਿਉਂ ਸੁੱਟਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਚਾਰ ਦਿਨ ਤੋਂ ਸਵੇਰੇ ਕੁਝ ਸਮੇਂ ਲਈ ਹੀ ਆਉਂਦੇ ਹਨ । ਘਰੇਲੂ ਕਾਰਨਾਂ ਕਰਨ ਉਹਨਾਂ ਨੂੰ ਜਲਦੀ ਵਾਪਸ ਜਾਨਾ ਪੈਂਦਾ ਹੈ ਕਿਉਂਕਿ ਨਹਿਰ ਸੁੱਕੀ ਹੋਣ ਕਾਰਨ ਕੰਮ ਵੀ ਬੰਦ ਹੈ । ਉਹਨਾਂ ਦੇ ਪਿੱਛੋਂ ਮੁਲਾਜ਼ਮ ਕੂੜਾ ਨਹਿਰ ਵਿੱਚ ਸੁੱਟਦੇ ਹਨ ਜਾਂ ਨਹੀਂ, ਇਸ ਦੀ ਉਹਨਾਂ ਨੂੰ ਜਾਣਕਾਰੀ ਨਹੀਂ।