ਜਮਹੂਰੀ ਅਧਿਕਾਰ ਸਭਾ ਨੇ ਪਹਿਲਗਾਮ ਘਟਨਾ ਨੂੰ ਦੱਸਿਆ ਸੁਰੱਖਿਆ ਕੋਤਾਹੀ ਅਤੇ ਨਿੰਦਣਯੋਗ
ਅਸ਼ੋਕ ਵਰਮਾ
ਬਠਿੰਡਾ, 25 ਅਪ੍ਰੈਲ 2025 ਕਸ਼ਮੀਰ ਵਾਦੀ ਦੇ ਕਸਬੇ ਪਹਿਲਗਾਮ ਵਿਚ 26 ਸੈਲਾਨੀਆਂ ਨੂੰ ਧਰਮ ਪੁੱਛ ਕੇ ਕਤਲ ਦੀ ਖੌਫ਼ਜ਼ਦਾ ਘਟਨਾ ਨੇ ਸਮੁੱਚੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਬਹੁਤ ਨਿੰਦਣਯੋਗ ਘਟਨਾ ਹੈ ਅਤੇ ਅਜਿਹੇ ਦਹਿਸ਼ਤ ਫੈਲਾਉਣ ਵਾਲੇ ਕਿਸੇ ਤਰ੍ਹਾਂ ਵੀ ਮੁਆਫ਼ ਕਰਨ ਯੋਗ ਨਹੀਂ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਜਰਨਲ ਸਕੱਤਰ ਪ੍ਰਿਤਪਾਲ ਸਿੰਘ,ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਕਸ਼ਮੀਰ ਲੰਮੇਂ ਸਮੇਂ ਤੋਂ ਇਕ ਖ਼ੌਫ਼ਜ਼ਦਾ ਮਾਹੌਲ ਚ ਰਹਿ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਧਾਰਾ 370 ਖਤਮ ਕਰਕੇ ਜੰਮੂ ਕਸ਼ਮੀਰ ਰਾਜ ਨੂੰ ਤਿੰਨ ਹਿੱਸਿਆਂ ਚ ਵੰਡ ਕੇ ਸਿੱਧਾ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਰਾਹੀਂ ਆਪਣੇ ਕਬਜ਼ੇ ਵਿੱਚ ਲੈਣ ਮੌਕੇ ਦਾਅਵਾ ਕੀਤਾ ਸੀ ਕਿ ਹੁਣ ਦਹਿਸ਼ਤਗਰਦੀ ਨੂੰ ਖਤਮ ਕਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਹੁਣ ਸੈਲਾਨੀਆਂ ਉੱਤੇ ਇਹ ਹਮਲਾ ਕਸ਼ਮੀਰ ਦੋਖੀ ਤਾਕਤਾਂ ਵਲੋਂ ਕੀਤਾ ਗਿਆ ਹੈ।ਇਹੀ ਕਾਰਨ ਕਿ ਕਸ਼ਮੀਰੀ ਲੋਕਾਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਕਰ ਰਹੇ ਹਨ। ਦੂਸਰੇ ਪਾਸੇ ਜੋ ਸੁਆਲ ਸਾਹਮਣੇ ਆਇਆ ਹੈ ਕਿ ਜਿਸ ਕਸ਼ਮੀਰ ਵਿਚ ਲੱਖਾਂ ਦੀ ਤਦਾਦ ਵਿੱਚ ਫ਼ੌਜੀ ਤੇ ਨਿੰਮ ਫ਼ੌਜੀ ਦਸਤੇ ਸੁਰੱਖਿਆ ਦੇ ਨਾਮ ਹੇਠ ਸਾਲਾਂ ਤਾਇਨਾਤ ਕੀਤੇ ਗਏ ਹਨ ਉਸ ਕਸ਼ਮੀਰ ਦੇ ਪਹਿਲਗਾਮ ਤੇ ਘੁੰਮਣ ਫਿਰਨ ਵਾਲੇ ਖੇਤਰਾਂ ਵਿਚੋਂ ਇਹ ਸੁਰੱਖਿਆ ਦਸਤੇ ਕਿਉਂ ਹਟਾਏ ਗਏ,ਅਤੇ ਕਿਸ ਦੇ ਆਦੇਸ਼ ਨਾਲ ਹਟਾਏ ਗਏ ਜਦੋਂ ਕਿ ਇਹ ਸਿੱਧਾ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਸਨ , ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ। ਉਧਰ ਅਮਰੀਕਨ ਉਪ ਰਾਸ਼ਟਰਪਤੀ ਦੀ ਭਾਰਤ ਫੇਰੀ, ਇਧਰ ਪਹਿਲਗਾਮ ਦੀ ਦਹਿਸ਼ਤਜ਼ਦਾ ਘਟਨਾ ਬਿਲਕੁਲ ਉਵੇਂ ਹੀ ਜਿਵੇਂ 2020 ਵਿੱਚ ਅਮਰੀਕਨ ਆਗੂਆਂ ਦੀ ਭਾਰਤ ਫੇਰੀ ਸਮੇਂ ਚਿੱਟੀ ਸਿੰਘਪੁਰਾ ਵਿੱਚ ਵਾਪਰਿਆ ਸੀ। ਇਹ ਚੰਗੀ ਖ਼ਬਰ ਕਿ ਕਸ਼ਮੀਰੀ ਨੌਜਵਾਨ ਤੇ ਲੋਕ ਸੈਲਾਨੀਆਂ ਦੀ ਸੁਰੱਖਿਆ ਲਈ ਅੱਗੇ ਆਏ ਅਤੇ ਹੋਟਲਾਂ ਵਾਲਿਆ ਨੇ ਵੀ ਸੈਲਾਨੀਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ ਹੈ ।
ਉਹਨਾਂ ਕਿਹਾ ਕਿ ਜਦੋਂ ਸਾਰੇ ਪਾਸਿਓਂ ਇਹ ਸੁਆਲ ਉੱਠ ਰਹੇ ਹਨ ਕਿ ਸੈਲਾਨੀਆਂ ਦੀ ਸੁਰੱਖਿਆ ਲਈ ਕੇਂਦਰ ਨੇ ਜੁੰਮੇਵਾਰੀ ਕਿਉਂ ਨਹੀਂ ਸੰਭਾਲੀ ਅਤੇ ਦਹਿਸ਼ਤਗਰਦਾਂ ਲਈ ਆਉਣਾ ਅਤੇ ਫਿਰ ਭਿਆਨਕ ਕਾਂਡ ਕਰਕੇ ਸੁਰੱਖਿਅਤ ਨਿਕਲ ਜਾਣਾ।ਇਹ ਚਿੰਤਾ ਦਾ ਵਿਸ਼ਾ ਹੈ।ਕੇਂਦਰੀ ਹਕੂਮਤ ਨੇ ਜਦੋਂ ਨਾਗਰਿਕਾਂ,ਸੈਲਾਨੀਆਂ ਤੇ ਸੁਰੱਖਿਆ ਦੇ ਅਧਿਕਾਰਾਂ ਦੀ ਖ਼ੁਦ ਜੁੰਮੇਵਾਰੀ ਸੰਭਾਲੀ ਹੈ ਤਾਂ ਇਹ ਜੁਆਬ ਵੀ ਉਹਨਾਂ ਨੂੰ ਹੀ ਦੇਣਾ ਬਣਦਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਮੰਗ ਕਰਦੀ ਹੈ ਕਿ ਇਹ ਕਾਂਡ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਜੱਜ ਤੋਂ ਹੋਣੀ ਚਾਹੀਦੀ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਅਸਤੀਫ਼ਾ ਦੇਣਾ ਬਣਦਾ ਹੈ।ਤਾਂ ਕਿ ਦਹਿਸ਼ਤ ਗਰਦੀ ਦੇ ਪਿੱਛੇ ਕੰਮ ਕਰਦੇ ਹੱਥਾਂ ਦੀ ਪਹਿਚਾਣ ਹੋ ਸਕੇ।