ਇਟਲੀ ਵਿੱਚ ਇਤਾਲਵੀ ,ਸਪੈਨਿਸ਼ ,ਕੁਰਦ ਅਰਬੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਕਵੀ ਦਰਬਾਰ ਸਫ਼ਲਤਾ ਪੂਰਵਕ ਸੰਪਨ
- ਪੰਜਾਬੀ ਸ਼ਾਇਰਾਂ ਵਿੱਚ ਦਲਜਿੰਦਰ ਰਹਿਲ ਅਤੇ ਪ੍ਰੋ ਜਸਪਾਲ ਸਿੰਘ ਨੇ ਲਗਵਾਈ ਖ਼ੂਬਸੂਰਤ ਹਾਜ਼ਰੀ
ਰਿਜੋਮੀਲੀਆ - ਇਟਲੀ, 20 ਫਰਵਰੀ 2025 - ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਸਾਂਤ ਇਲਾਰਿਓ ਰਿਜਿਓ ਐਮੀਲੀਆ ਵਿੱਖੇ ਸਾਂਝੇ ਸੱਭਿਆਚਾਰ , ਸਾਹਿਤ ,ਅਤੇ ਕਲਾ ਕ੍ਰਿਤਾਂ ਨੂੰ ਉਤਸ਼ਾਹਿਤ ਕਰਦੀ ਸੰਸਥਾ ਆਨੀਮੇ ਲੀਵੇਰੇ ਵਲੋਂ ਪ੍ਰਬੰਧਕ ਕਲਾਉਦੀਆ ਬੇਲੀ ਅਤੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਸਹਿਯੋਗ ਨਾਲ ਪੰਜ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਪਰਬੰਧਕਾਂ ਵਲੋਂ ਇਤਾਲਵੀ , ਸਪੈਨਿਸ਼ , ਕੁਰਦ ,ਅਰਬੀ ਅਤੇ ਪੰਜਾਬੀ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਇਤਾਲਵੀ ਭਾਸ਼ਾ ਵਿੱਚ ਅਨੁਵਾਦ ਕਰਕੇ ਸੈਂਕੜੇ ਸਰੋਤਿਆਂ ਦੇ ਭਰੇ ਇਕੱਠ ਵਿੱਚ ਸਾਂਝਾ ਕੀਤਾ।
ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਕਵੀਆਂ ਵਿੱਚ ਹੇਬੇ ਮੁਨੋਜ਼ , ਫਰੈਂਚੈਸਕੋ ਨੀਗਰੀ, ਸੀਮੋਨਾ ਸੈਂਤੀਐਰੀ, ਮਾਰਾ ਮਾਤਾਵੇਲੀ , ਹੀਮਾਸ ਜ਼ਾਮੀਲ ਅਲਵੀ , ਜਾਮੀਲੈਤ ਪੇਰੇਜ , ਰੋਦਰੀ ਗੁਏਜ਼ ਡਾਵਿਡ , ਅਮੁਨੂਐਲੇ ਗੁਆਸਤੀ, ਪਾਓਲੋ ਪੋਸਟੋਰੀਨੋ , ਦਲਜਿੰਦਰ ਰਹਿਲ , ਪ੍ਰੋ ਜਸਪਾਲ ਸਿੰਘ, ਮਾਸੀਮੋ ਬੀਲੇਈ , ਪ੍ਰੋ ਸੰਦਰੀਨੋ ਮਾਰਾ ,ਦਮਿਆਨਾ ਤੁਵਿਨੀ , ਆਨਾ ਜਿਓਰਜਿਨੀ, ਇਸਾਵਲ ਸਿਲਵੈਸਟਰ , ਜੇਨੀ ਲੀਆ , ਮਾਇਕਲ ਪੋਸ਼ੀ , ਮਾਕਸ਼ ਮਾਜ਼ੋਲੀ, ਅਨਰੀਆ ਕਾਸੋਲੀ, ਪਾਓਲੋ ਜਨਾਰਦੀ , ਜਾਕੋਪ ਬੇਲਾਨ , ਦਾਨੀਐਲੇ ਬੇਗੇ , ਲੂਕਾ ਮੋਜਾਕਿਓਦੀ ਆਦਿ ਨੇ ਭਾਗ ਲਿਆ।
ਇਸ ਸਾਰੇ ਕਵੀ ਦਰਵਾਰ ਦਾ ਸੰਚਾਲਨ ਇਤਾਲਵੀ ਕਵਿਤਰੀਆਂ ਕਲਾਉਦਿਓ ਬੇਲੀ ਅਤੇ ਦਾਮਿਆਨਾ ਵਲੋਂ ਕੀਤਾ ਗਿਆ। ਇਸ ਸਾਹਿਤਿਕ ਸਮਾਗਮ ਵਿੱਚ ਸ਼ਹਿਰ ਦੇ ਮੇਅਰ ਮਰਚੈਲੋ ਮੋਰੈਡੀ ਸਮੇਤ ਸੰਜੀਦਾ ਸਰੋਤੇ ਅਤੇ ਇਲਾਕੇ ਦੀਆਂ ਹੋਰ ਵੀ ਸਨਮਾਨਯੋਗ ਸ਼ਖਸ਼ੀਅਤਾ ਸ਼ਾਮਿਲ ਹੋਈਆਂ। ਕਵਿਤਾਵਾਂ ਦੇ ਅੰਤਰਗਤ ਪਿਆਨੋ ਵਾਦਕ ਮਾਰਕੋ ਫਰਾਇੰਚਸਕੈਤੀ ਦਾ ਸੰਗੀਤ ਸਰੋਤਿਆਂ ਨੂੰ ਮੰਤਰ ਮੁਗਧ ਕਰਦਾ ਰਿਹਾ । ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਹੋਏ ਕਵੀਆਂ ਵਲੋਂ ਸਾਂਝੇ ਸਮਾਜ , ਸਦਭਾਵਨਾ , ਪਿਆਰ - ਮੁਹੱਬਤ , ਸਾਂਤੀ, ਮਾਂ ਬੋਲੀ, ਮਨੁੱਖੀ ਭਾਈਚਾਰੇ , ਸਾਂਝੇ ਵਿਸ਼ਵੀ ਪਿੰਡ ਦੀ ਬੇਹਤਰੀ ਅਤੇ ਉੱਨਤੀ ਲਈ ਕਵਿਤਾ ਪਾਠ ਕੀਤਾ ਗਿਆ ਜਿਸਦਾ ਸਰੋਤਿਆਂ ਨਾਲ ਭਰੇ ਹਾਲ ਵਲੋਂ ਨਿਰੰਤਰ ਤਾੜੀਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ।