ਬਿਜਲੀ ਕਾਮਿਆਂ ਦੀਆਂ ਗਲਤ ਪੋਸਟਿੰਗਾਂ ਖਿਲਾਫ਼ ਜਥੇਬੰਦੀਆਂ ਨੇ ਮੁੱਖ ਇੰਜੀ : ਖਿਲਾਫ਼ ਰੋਸ ਧਰਨਾ ਦਿੱਤਾ
ਲੁਧਿਆਣਾ 21 ਫਰਵਰੀ 2025 - ਪੀਐਸਪੀਸੀਐਲ ਦੇ ਸਥਾਨਕ ਪੀ ਅਤੇ ਐਮ ( ਗਰਿੱਡਾਂ) ਦੇ ਮੁੱਖ ਇੰਜੀਨੀਅਰ ਦੇ ਦਫਤਰ ਸਾਹਮਣੇ ਸਾਂਝਾ ਫੋਰਮ ,ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਰੋਸ ਧਰਨਾ ਲਗਾ ਕੇ ਮੁੱਖ ਇੰਜੀਨੀਅਰ ਵੱਲੋਂ ਕਰਮਚਾਰੀਆਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ । ਇਸ ਰੋਸ ਧਰਨੇ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਰਤਨ ਸਿੰਘ ਮਜਾਰੀ , ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਰਣਜੀਤ ਸਿੰਘ ਢਿੱਲੋਂ ਨੇ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ, ਸਰਿੰਦਰਪਾਲ ਲਹੌਰੀਆਂ , ਸਰਬਜੀਤ ਸਿੰਘ ਭਾਣਾ, ਕੁਲਵਿੰਦਰ ਸਿੰਘ ਢਿੱਲੋਂ, ਕੌਰ ਸਿੰਘ ਸੋਹੀ , ਸੁਖਵਿੰਦਰ ਸਿੰਘ ਦੁੰਮਣਾ, ਜਸਵਿੰਦਰ ਸਿੰਘ , ਪੂਰਨ ਸਿੰਘ ਖਾਈ , ਰਛਪਾਲ ਸਿੰਘ ਪਾਲੀ , ਗੁਰਧਿਆਨ ਸਿੰਘ , ਲਖਵਿੰਦਰ ਸਿੰਘ , ਜਗਤਾਰ ਸਿੰਘ ਆਦਿ ਨੇ ਮੁੱਖ ਇੰਜੀਨੀਅਰ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਲਈ ਰਿਸ਼ਵਤਖ਼ੋਰੀ ਦੇ ਗੰਭੀਰ ਦੋਸ਼ ਲਗਾਏ ।
ਇਸ ਮੌਕੇ ਭਰਾਤਰੀ ਜਥੇਬੰਦੀ ਪਾਵਰਕਾਮ ਐਂਡ ਟ੍ਰਾਸ਼ਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਵਰਕਿੰਗ ਪ੍ਰਧਾਨ ਚਮਕੌਰ ਸਿੰਘ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਸੂਬਾ ਸਕੱਤਰ ਐਸ ਪੀ ਸਿੰਘ ,ਸੂਬਾ ਆਗੂ ਰਾਜਿੰਦਰ ਸਿੰਘ ਨੇ ਰੋਸ ਧਰਨੇ ਦੀ ਡਟਵੀਂ ਹਮਾਇਤ ਕਰਦੇ ਹੋਏ ਅਗਲੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲੈਣ ਦਾ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ । ਆਗੂਆਂ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਮੁੱਖ ਇੰਜੀਨੀਅਰ ਜਾਣਬੁੱਝ ਕੇ ਤਰੱਕੀ ਪਾਉਣ ਵਾਲੇ ਸਹਾਇਕ ਲਾਈਨਮੈਨ ਕਰਮਚਾਰੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਪ੍ਰੇਸ਼ਾਨ ਕਰ ਰਿਹਾ ਹੈ। ਕਿਉਂਕਿ ਮੁੱਖ ਇੰਜੀਨੀਅਰ ਨੇ ਤਰੱਕੀ ਪਾਉਣ ਵਾਲੇ ਕਰਮਚਾਰੀਆਂ ਦੇ ਇਕ ਮਹੀਨੇ ਤੱਕ ਅਗਲੇ ਤੈਨਾਤੀ ਆਰਡਰ ਨਹੀਂ ਕੀਤੇ ਗਏ ਅਤੇ ਹੁਣ ਤਰੱਕੀ ਪਾਉਣ ਵਾਲੇ ਪਹਿਲਾਂ ਤੋਂ ਰੈਗੂਲਰ ਪੋਸਟਾਂ ਤੇ ਕੰਮ ਕਰ ਰਹੇ ਕਾਮਿਆਂ ਨੂੰ ਮੈਡੀਕਲ ਕਰਵਾਉਣ ਦੇ ਬੇਤੁਕੇ ਆਦੇਸ਼ ਜਾਰੀ ਕਰਕੇ ਕਰਮਚਾਰੀਆਂ ਨੂੰ ਖਜਲ ਖਰਾਬ ਕਰਨ ਲਈ ਧੱਕੇਸ਼ਾਹੀ ਕਰਕੇ ਗਲਤ ਪੋਸਟਿੰਗਾਂ ਕਰ ਦਿੱਤੀਆਂ ਹਨ ਜੋ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਮੁੱਖ ਇੰਜੀਨੀਅਰ ਤੇ ਕਾਮਿਆਂ ਦੀਆਂ ਬਦਲੀਆਂ ਕਰਨ ਬਦਲੇ ਰਿਸ਼ਵਤਖੋਰੀ ਦੇ ਗੰਭੀਰ ਦੋਸ਼ ਵੀ ਲਗਾਏ । ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੁੱਖ ਇੰਜੀਨੀਅਰ ਪੀ ਐਮ ਲੁਧਿਆਣਾ ਵੱਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਰੋਕ ਲਗਾ ਕੇ ਕਰਮਚਾਰੀਆਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ 4 ਮਾਰਚ ਨੂੰ ਮੁੱਖ ਇੰਜੀਨੀਅਰ ਖਿਲਾਫ਼ ਜਬਰਦਸਤ ਰੋਸ ਧਰਨਾ ਲਗਾਉਣ ਤੋਂ ਇਲਾਵਾ ਹੈਂਕੜ ਅਧਿਕਾਰੀ ਦਾ ਫੀਲਡ ਦੇ ਦੌਰਿਆਂ ਦੌਰਾਨ ਕਾਲੇ ਝੰਡਿਆਂ ਨਾਲ ਵਿਖਾਵੇ ਕੀਤੇ ਜਾਣਗੇ । ਇਸ ਰੋਸ ਧਰਨੇ ਨੂੰ ਮੁਲਾਜ਼ਮ ਆਗੂ ਹਰਵਿੰਦਰ ਸਿੰਘ ਲਾਲੂ , ਚਰਨਜੀਤ ਸਿੰਘ ਜਗਰਾਉਂ , ਪ੍ਰਭੂਜੋਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।