ਪੇਪਰ ਲੀਕ ਮਾਮਲੇ ਚ 25 ਪੁਲਿਸ ਅਧਿਕਾਰੀ ਤੇ ਕਰਮਚਾਰੀ ਸਸਪੈਂਡ
ਚੰਡੀਗੜ੍ਹ, 2 ਮਾਰਚ - ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆਵਾਂ ਵਿਚ ਪੇਪਰ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢਣ ਦੇ ਮਾਮਲੇ 'ਤੇ ਸਖ਼ਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚ ਅਜੇ ਤਕ ਦੋਸ਼ੀ ਪਾਏ ਗਏ 25 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਚਾਰ ਡੀ.ਐਸ.ਪੀ. ਅਤੇ ਤਿੰਨ ਐਚ.ਐਚ.ਓ. ਸ਼ਾਮਿਲ ਹਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੋ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ ਕਿ ਇਸ ਦੇ ਇਲਾਵਾ ਸਰਕਾਰੀ ਸਕੂਲਾਂ ਦੇ ਚਾਰ ਪ੍ਰੀਖਿਆ ਇਨਵਿਜੀਲੇਟਰ ਅਤੇ ਨਿੱਜੀ ਸਕੂਲਾਂ ਦੀ ਇਕ ਪ੍ਰੀਖਿਆ ਇਨਵਿਜੀਲੇਟਰ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਨਾਲ ਹੀ, ਸਰਕਾਰੀ ਸਕੂਲ ਦੇ ਚਾਰਾਂ ਪ੍ਰੀਖਿਆ ਇਨਵਿਜੀਲੇਟਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਦੋ ਸੈਂਟਰ ਸੁਪਰਵਾਇਜਰ ਨੂੰ ਵੀ ਮੁਅਤਲ ਕੀਤਾ ਗਿਆ ਹੈ। ਇੰਨ੍ਹਾਂ ਮਾਮਲਿਆਂ ਵਿਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਨਕਲ ਕਰਵਾਉਣ ਜਾਂ ਪੇਪਰ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢਣ ਦੇ ਦੋਸ਼ ਵਿਚ ਅਜੇ ਤਕ ਚਾਰ ਬਾਹਰੀ ਵਿਅਕਤੀਆਂ ਅਤੇ ਅਠ ਵਿਦਿਆਰਥੀਆਂ 'ਤੇ ਵੀ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਜੇ ਜਾਂਚ ਜਾਰੀ ਹੈ। ਸਾਰੇ ਜਿਲਾ ਡਿਪਟੀ ਕਮਿਸ਼ਸ਼ਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਸਖ਼ਤ ਆਦੇਸ਼ ਜਾਰੀ ਕਰਦੇ ਹੋਏ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰ ਦੇ ਨੇੜੇ ਕੋਈ ਵਿਅਕਤੀ ਨਾ ਜਾਵੇ ਅਤੇ 500 ਮੀਟਰ ਦੀ ਦੂਰੀ ਤੋਂ ਬਾਹਰ ਰਹੇ। ਇਸ ਸਬੰਧੀ ਜੇਕਰ ਸੂਬੇ ਵਿਚ ਕਿਧਰੇ 'ਤੇ ਵੀ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਜਿਲਾ ਪ੍ਰਸ਼ਾਸਨ ਇਸ ਦਾ ਜਿੰਮੇਵਾਰ ਹੋਵੇਗਾ।
ਇਸ ਮੌਕੇ 'ਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਮਰਕੰਦ ਪਾਂਡੂਰੰਗ ਅਤੇ ਮੀਡਿਆ ਸਕੱਤਰ ਪ੍ਰਵੀਣ ਆਤਰੇ ਵੀ ਹਾਜ਼ਿਰ ਸਨ।