ਸਕੂਲਾਂ 'ਚ ਬੰਬ ਦੀ ਧਮਕੀ ਦੇ ਕੇ ਪੂਰੀ ਦਿੱਲੀ ਨੂੰ ਡਰਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ : ਸਕੂਲਾਂ 'ਚ ਬੰਬ ਦੀ ਧਮਕੀ ਦੇ ਕੇ ਪੂਰੀ ਦਿੱਲੀ ਨੂੰ ਡਰਾਉਣ ਵਾਲਾ ਵਿਅਕਤੀ ਫੜਿਆ ਗਿਆ ਹੈ। ਉਸ ਨੇ 23 ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਸਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕਾਰਾ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਨੇ ਕੀਤਾ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸਨੇ ਇਹ ਵੀ ਕਬੂਲ ਕੀਤਾ ਹੈ ਕਿ ਉਸਨੇ ਪਹਿਲਾਂ ਵੀ ਅਜਿਹੀਆਂ ਈਮੇਲ ਭੇਜੀਆਂ ਹਨ।
ਡੀਸੀਪੀ ਸਾਊਥ ਅੰਕਿਤ ਚੌਹਾਨ ਨੇ ਨਿਊਜ਼ ਏਐਨਆਈ ਨੂੰ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਦਿੱਲੀ ਦੇ ਵੱਖ-ਵੱਖ ਸਕੂਲਾਂ ਨੂੰ 23 ਈਮੇਲ ਭੇਜੇ ਸਨ। ਇਨ੍ਹਾਂ ਈਮੇਲਾਂ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਮੰਨਿਆ ਕਿ ਉਹ ਪਹਿਲਾਂ ਵੀ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਭਰੀਆਂ ਈਮੇਲਾਂ ਭੇਜਦਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਦੋਸ਼ੀ ਸਕੂਲ 'ਚ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਸੀ ਅਤੇ ਇਸ ਨੂੰ ਰੱਦ ਕਰਵਾਉਣ ਲਈ ਉਸ ਨੇ ਧਮਕੀ ਭਰੀ ਈਮੇਲ ਭੇਜਣ ਦਾ ਤਰੀਕਾ ਲੱਭ ਲਿਆ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਵੇਰਵੇ ਇਕੱਠੇ ਕਰ ਰਹੀ ਹੈ।