ਜ਼ਿਲ੍ਹਾ ਪੁਲਿਸ ਵਲੋਂ ਸੜਕ ਸੁਰੱਖਿਆ ਸਬੰਧੀ ਜਾਗਰੂਕ ਕੀਤਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 7 ਜਨਵਰੀ,2025- ਉਮਾ ਸ਼ੰਕਰ, ਸੈਕਟਰੀ, ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਭਾਰਤ ਸਰਕਾਰ ਵਲੋਂ ਜਾਰੀ ਪੱਤਰ ਤਹਿਤ ਤੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ,ਪੰਜਾਬ, ਚੰਡੀਗੜ੍ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਹੇਠ 01 ਜਨਵਰੀ ਤੋਂ 31 ਜਨਵਰੀ ਤੱਕ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਜਿਸ ਦੇ ਸੰਦਰਭ ਦੇ ਵਿੱਚ ਜ਼ਿਲੇ ਵਿਚ ਤਾਇਨਾਤ ਟਰੈਫਿਕ ਅਧਿਕਾਰੀਆਂ/ਕਰਮਚਾਰੀਆਂ ਅਤੇ ਸਮੂਹ ਪੁਲਿਸ ਵਿਭਾਗ ਦੇ ਵੱਖ-ਵੱਖ ਯੂਨਿਟਾਂ ਦੇ ਅਧਿਕਾਰੀਆਂ/ਕਰਮਚਾਰੀਆਂ ਰਾਹੀਂ 01 ਜਨਵਰੀ ਤੋਂ 31 ਜਨਵਰੀ 2025 ਤੱਕ ਰੋਡ ਸੇਫਟੀ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਸ਼ੁਰੂਆਤ ਮੌਕੇ ਅੱਜ ਜ਼ਿਲਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ, ਜ਼ਿਲ੍ਹਾ ਟ੍ਰੈਫ਼ਿਕ ਪੁਲੀਸ ਇੰਚਾਰਜ ਸੁਭਾਸ਼ ਚੰਦਰ,ਏ ਐਸ ਆਈ ਦਿਲਾਵਰ ਸਿੰਘ ਤੇ ਹੈਡ ਕਾਂਸਟੇਬਲ ਸੁਨੀਲ ਦੱਤ ਦੀ ਟੀਮ ਵੱਲੋਂ ਸ਼ੂਗਰ ਮਿੱਲ ਅਤੇ ਆਜ਼ਾਦ ਟੈਂਪੂ ਯੂਨੀਅਨ ਨਵਾਂਸ਼ਹਿਰ ਵਿਖੇ ਸੜਕ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਗਿਆ ਤੇ ਮੌਕੇ ਤੇ ਹਾਜਰ ਕਿਸਾਨ ਵੀਰਾਂ ਤੇ ਡਰਾਈਵਰ ਭਾਈਚਾਰੇ ਨੂੰ ਧੁੰਦ ਦੇ ਮੌਸਮ ਵਿਚ ਆਵਾਜਾਈ ਸਮੇਂ ਅਹਿਤਿਆਤ ਵਰਤਣ ਲਈ ਪ੍ਰੇਰਿਤ ਕੀਤਾ ਤੇ ਟ੍ਰੈਫਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਏ ਐਸ ਆਈ ਪ੍ਰਵੀਨ ਕੁਮਾਰ ਨੇ ਧੁੰਦ ਕਾਰਨ ਤੇ ਹਨੇਰੇ ਨੂੰ ਮੁੱਖ ਰੱਖਦਿਆਂ ਆਪਣੇ ਵਾਹਨਾਂ ਦੀਆਂ ਲਾਈਟਾਂ ਚਾਲੂ ਹਾਲਤ ਵਿੱਚ ਰੱਖਣ ਲਈ ਨਿਰਦੇਸ਼ ਦਿੱਤੇ।ਇਸ ਮੌਕੇ ਜ਼ਿਲ੍ਹਾ ਟ੍ਰੈਫ਼ਿਕ ਪੁਲੀਸ ਵੱਲੋਂ ਟਰਾਲੀਆਂ ਦੇ ਪਿਛੇ ਰਿਫਲੈਕਟਰ ਲਗਾਏ ਗਏ।