''ਜੇਕਰ ਇਸ ਹਫ਼ਤੇ ਕਲਰਕ ਦਾ ਪ੍ਰਬੰਧ ਨਾ ਕੀਤਾ ਤਾਂ ਅਗਲੇ ਹਫ਼ਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਕੀਤਾ ਜਾਵੇਗਾ ਘਿਰਾਉ''
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,06 ਅਕਤੂਬਰ,2025
ਬਲਾਕ ਨਵਾਂ ਸ਼ਹਿਰ ਦੇ ਸਮੂਹ ਅਧਿਆਪਕਾਂ ਨੇ ਬਲਾਕ ਦਫ਼ਤਰ ਵਿੱਚ ਕਲਰਕ ਦੀ ਤਨਾਇਤੀ ਨੂੰ ਲੈਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਸੌਪਿਆ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਰਾਮ ਲਾਲ ਚੇਅਰਮੈਨ ਅਧਿਆਪਕ ਵੈਲਫੇਅਰ ਕਮੇਟੀ,ਰਮਨ ਕੁਮਾਰ ਬੀ ਐਨ ਓ,ਅਸਵਨੀ ਕੁਮਾਰ,ਬਲਕਾਰ ਚੰਦ ਦੋਵੇ ਸੈਂਟਰ ਹੈੱਡ ਟੀਚਰਜ਼,ਨਿਰਮਲ ਕੁਮਾਰ ਅਤੇ ਵਿਜੈ ਕੁਮਾਰ ਹੈੱਡ ਟੀਚਰਜ਼ ਨੇ ਦੱਸਿਆ ਕਿ ਬਲਾਕ ਦਫ਼ਤਰ ਭੰਗਲ ਕਲਾਂ ਵਿੱਚ ਕਰੀਬ ਪਿਛਲੇ ਦੋ ਸਾਲ ਤੋਂ ਕਲਰਕ ਦੀ ਪੋਸਟ ਖਾਲੀ ਪਈ ਹੈ। ਇਸ ਸੰਬੰਧੀ ਪਹਿਲਾਂ ਵੀ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਅੰਦਰ ਕਰੀਬ 275 ਅਧਿਆਪਕ ਕੰਮ ਕਰਦੇ ਹਨ,ਇਸ ਤੋਂ ਇਲਾਵਾ 100 ਤੋਂ ਵੱਧ ਸੇਵਾ ਮੁਕਤ ਅਧਿਆਪਕ ਹਨ। ਕਲਰਕ ਨਾ ਹੋਣ ਕਰਕੇ ਬਲਾਕ ਅੰਦਰ ਕੰਮ ਕਰਦੇ ਅਧਿਆਪਕਾਂ ਨੂੰ ਹਰ ਮਹੀਨੇ ਤਨਖਾਹ ਲੈਣ ਲਈ ਬਹੁਤ ਸਾਰੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਸਰਵਿਸ ਬੁੱਕ,ਛੁੱਟੀਆਂ,ਜੀ ਆਈ ਐਸ ਆਦਿ ਵਰਗੇ ਜ਼ਰੂਰੀ ਕੰਮ ਪੈਡਿੰਗ ਪਏ ਹਨ। ਇਸ ਤੋਂ ਇਲਾਵਾ ਸੇਵਾ ਮੁਕਤ ਅਧਿਆਪਕਾਂ ਦੇ ਸਾਰੇ ਕੰਮ ਦਫ਼ਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੈਡਿੰਗ ਪਏ ਹਨ। ਸੇਵਾ ਮੁਕਤ ਅਧਿਆਪਕਾਂ ਨੂੰ ਉਨ੍ਹਾਂ ਦੇ ਲਾਭ ਸਮੇਂ ਸਿਰ ਨਾ ਮਿਲਣ ਕਰਕੇ ਦਫ਼ਤਰ ਨੂੰ ਕੋਰਟ ਕੇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਲਰਕ ਨਾ ਹੋਣ ਕਰਕੇ ਸਕੂਲਾਂ ਦੇ ਬਿਜਲੀ ਬਿੱਲ ਅਤੇ ਮੈਡੀਕਲ ਬਿੱਲ ਵੀ ਪੈਡਿੰਗ ਪਏ ਹਨ। ਕਰੀਬ ਪਿਛਲੇ ਛੇ ਮਹੀਨੇ ਤੋਂ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ ਕਰਕੇ ਬਹੁਤ ਸਾਰੇ ਸਕੂਲਾਂ ਨੂੰ ਵਿਭਾਗ ਵਲੋਂ ਨੋਟਿਸ ਵੀ ਜਾਰੀ ਹੋ ਚੁੱਕੇ ਹਨ। ਜਿਸ ਕਰਕੇ ਅਧਿਆਪਕ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਰੂਰੀ ਡਾਕ ਦਾ ਕੰਮ ਵੀ ਅਧਿਆਪਕਾਂ ਦੀ ਡਿਊਟੀ ਲਗਾਕੇ ਕਰਵਾਇਆ ਜਾਂਦਾ ਹੈ। ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਫ਼ਤਰ ਵਿੱਚ ਕੋਈ ਵੀ ਡਾਟਾ ਐਟਰੀ ਜਾ ਦਰਜ਼ਾ ਚਾਰ ਦੀ ਕਰਮਚਾਰੀ ਨਹੀਂ ਹੈ। ਜਿਸ ਕਰਕੇ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾ ਦੇ ਦਿਨ ਚੱਲ ਰਹੇ ਹਨ,ਪਰ ਅਧਿਆਪਕ ਤਨਖਾਹਾਂ ਤੋਂ ਵਾਂਝੇ ਬੈਠੇ ਹਨ। ਉਨ੍ਹਾਂ ਇਸ ਮੌਕੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਜ਼ਿਲ੍ਹਾ ਦਫ਼ਤਰ ਵਲੋਂ ਬਲਾਕ ਦਫ਼ਤਰ ਵਿੱਚ ਕਲਰਕ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਅਗਲੇ ਹਫ਼ਤੇ ਬਲਾਕ ਦੇ ਸਾਰੇ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ,ਜਿਸ ਦੀ ਨਿਰੋਲ ਜੁੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ। ਜਦੋਂ ਇਸ ਸੰਬਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਵਾਂ ਸ਼ਹਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਲਰਕ,ਡਾਟਾ ਐਟਰੀ ਅਤੇ ਸੇਵਾਦਾਰ ਦੀ ਖਾਲੀ ਪੋਸਟ ਵਾਰੇ ਕਈ ਵਾਰ ਉੱਚ ਅਧਿਕਾਰੀਆਂ ਦੇ ਲਿਖਤੀ ਅਤੇ ਜੁਬਾਨੀ ਤੌਰ ਤੇ ਧਿਆਨ ਵਿੱਚ ਲਿਆਉਦਾ ਗਿਆ ਹੈ,ਪਰ ਹਾਲੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕਲਰਕ ਨਾ ਹੋਣ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਬਾਕੀ ਕੰਮ ਪੇਡਿੰਗ ਰਹਿ ਜਾਂਦੇ ਹਨ।
ਅੱਜ ਮੰਗ ਪੱਤਰ ਦੇਣ ਵਾਲਿਆਂ ਵਿੱਚ ਦਵਿੰਦਰ ਸਿੰਘ,ਰਾਮਤੀਰਥ ਸਿੰਘ ਦੋਵੇਂ ਸੈਂਟਰ ਹੈੱਡ ਟੀਚਰਜ਼, ਗੁਰਦੀਪ ਸਿੰਘ, ਦਲਜੀਤ ਸਿੰਘ,ਸੁਮਿਤ ਛਾਬੜਾ,ਸਤਪਾਲ,ਬਨਵਾਰੀ ਧਾਲ,ਅੰਮ੍ਰਿਤਪਾਲ ਸਿੰਘ,ਕਮਲਜੀਤ ਕੌਰ,ਪਰਮਜੀਤ ਰਾਣੀ,ਮਨਜੀਤ ਕੌਰ,ਬਲਵਿੰਦਰ ਕੌਰ,ਜਸਵਿੰਦਰ ਕੌਰ,ਬਲਵੀਰ ਕੌਰ ਦੋਵੇਂ ਸੈਂਟਰ ਹੈੱਡ ਟੀਚਰਜ਼,ਨਰਿੰਦਰ ਕੌਰ,ਅਮਰੀਕ ਕੌਰ,ਬਲਜੀਤ ਕੌਰ,ਪਿੰਕੀ ਦੇਵੀ,ਤਜਿੰਦਰ ਕੌਰ,ਕਰਮਜੀਤ ਕੌਰ,ਕੁਲਵਿੰਦਰ ਕੌਰ ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ।