ਕਾਸੋ ਆਪਰੇਸ਼ਨ ਦੌਰਾਨ ਅੱਠ ਕਾਬੂ, 33 ਗਰਾਮ ਹੈਰੋਇਨ ਬਰਾਮਦ
ਦੀਪਕ ਜੈਨ
ਜਗਰਾਉਂ, 20 ਅਪਰੀ; 2025 - ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲੇ ਸਮਗਲਰਾਂ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਆਪਰੇਸ਼ਨ ਕੀਤਾ ਗਿਆ। ਜਿਸ ਵਿੱਚ ਪੂਰੇ ਪੁਲਿਸ ਜਿਲੇ ਦੀਆਂ ਤਿੰਨ ਸਬ ਡਿਵੀਜਨਾਂ ਜਗਰਾਉਂ, ਦਾਖਾ ਅਤੇ ਸਬ ਡਿਵੀਜ਼ਨ ਰਾਏਕੋਟ ਵਿਖੇ 161 ਦੀ ਗਿਣਤੀ ਵਿੱਚ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਜਿਸ ਵਿੱਚ ਇੱਕ ਐਸਪੀ ਰੈਂਕ ਅਤੇ ਤਿੰਨ ਡੀਐਸਪੀ ਰੈਂਕ ਦੇ ਅਫਸਰ ਸ਼ਾਮਿਲ ਸਨ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ।
ਜਿਸ ਵਿੱਚ ਪੁਲਿਸ ਪਾਰਟੀਆਂ ਵੱਲੋਂ ਡਰੱਗ ਹੋਟ ਸਪੋਟ ਏਰੀਆ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਇਸ ਅਪਰੇਸ਼ਨ ਦੌਰਾਨ ਮਾੜੇ ਕਿਰਦਾਰ ਵਾਲੇ ਅਤੇ ਅਪਰਾਧਿਕ ਵਿਰਤੀ ਵਾਲੇ ਵਿਅਕਤੀਆਂ ਦੇ ਘਰਾਂ ਦੀ ਵੀ ਉਚੇਚੇ ਤੌਰ ਤੇ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਕੁੱਲ ਛੇ ਮੁਕਦਮੇ ਦਰਜ ਕੀਤੇ ਗਏ ਹਨ ਅਤੇ ਅੱਠ ਦੋਸ਼ੀਆਂ ਨੂੰ ਕਾਬੂ ਕਰਕੇ ਕੁੱਲ 33 ਗਰਾਮ ਹੈਰੋਇਣ, 80 ਨਸ਼ੀਲੀਆਂ ਗੋਲੀਆਂ ਅਤੇ ਇੱਕ ਇਲੈਕਟਰੋਨਿਕ ਕੰਡਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 4600 ਰੁਪਏ ਦੀ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ। ਇਸ ਅਪਰੇਸ਼ਨ ਦੌਰਾਨ ਕੁੱਲ 133 ਵਿਅਕਤੀਆਂ ਨੂੰ ਚੈਕਿੰਗ ਲਈ ਰਾਊਂਡ ਅਪ ਕੀਤਾ ਗਿਆ ਸੀ ਤੇ 319 ਵਹੀਕਲਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਵਿੱਚੋਂ 41 ਵਹੀਕਲਾਂ ਦੇ ਚਲਾਨ ਵੀ ਕੱਟੇ ਗਏ ਹਨ।
ਐਸਐਸਪੀ ਡਾਕਟਰ ਅੰਕਰ ਗੁਪਤਾ ਨੇ ਅੱਗੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਨਸ਼ਿਆਂ ਦਾ ਗੈਰ ਕਾਨੂੰਨੀ ਧੰਦਾ ਬੰਦ ਕਰ ਦੇਣ ਅਤੇ ਜੇਕਰ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਉਹਨਾਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।