ਪੰਜਾਬ ਸਰਕਾਰ ਨੇ ਨਾਭਾ ਹਲਕੇ ਦੇ 24 ਸਰਕਾਰੀ ਸਕੂਲਾਂ 'ਚ ਢਾਈ ਕਰੋੜ ਰੁਪਏ ਖਰਚੇ -ਦੇਵ ਮਾਨ
-ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਗੁਰਦੇਵ ਸਿੰਘ ਦੇਵ ਮਾਨ ਨੇ ਸਰਕਾਰੀ ਸਕੂਲਾਂ 'ਚ ਕੀਤੇ ਉਦਘਾਟਨ
ਨਾਭਾ, 21 ਅਪ੍ਰੈਲ:
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਨਾਭਾ ਹਲਕੇ ਦੇ 24 ਸਕੂਲਾਂ 'ਤੇ ਢਾਈ ਕਰੋੜ ਰੁਪਏ ਖਰਚੇ ਹਨ। ਉਨ੍ਹਾਂ ਨੇ ਅੱਜ ਸੰਗਤਪੁਰਾ ਬਸਤੀ, ਪੱਕਾ ਬਾਗ ਤੇ ਪੁਰਾਣਾ ਹਾਈ ਕੋਰਟ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵੱਖ-ਵੱਖ ਕਾਰਜ ਮੁਕੰਮਲ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।
ਇਸ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਦੇਵ ਮਾਨ ਨੇ ਕਿਹਾ ਕਿ ਨਾਭਾ ਹਲਕੇ 'ਚ 209 ਹਨ ਅਤੇ ਇਨ੍ਹਾਂ ਵਿੱਚੋਂ 117 ਸਕੂਲਾਂ ਦੇ ਵਿੱਚ ਕੀਤੇ ਗਏ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਰਕਾਰੀ ਸਕੂਲਾਂ ਵੱਲ ਧਿਆਨ ਹੀ ਨਹੀਂ ਦਿੱਤਾ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆਂ ਕਲਪ ਕਰਨ ਦਾ ਜੋ ਬੀੜਾ ਉਠਾਇਆ ਗਿਆ ਸੀ, ਉਸ ਦੇ ਨਤੀਜੇ ਸਭ ਦੇ ਸਾਹਮਣੇ ਹਨ ਤੇ ਸਰਕਾਰੀ ਸਕੂਲਾਂ 'ਚ 10 ਹਜਾਰ ਨਵੇਂ ਵਿਦਿਆਰਥੀਆਂ ਦੇ ਦਾਖਲੇ ਹੋਏ ਹਨ।
ਦੇਵ ਮਾਨ ਨੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਕੇ ਸਰਕਾਰੀ ਸਕੂਲਾਂ ਵਿਚ ਨਵੇਂ ਕਲਾਸ ਰੂਮ, ਪੁਰਾਣੇ ਬਲੈਕ ਬੋਰਡਾਂ ਦੀ ਥਾਂ ਹੁਣ ਸਮਾਰਟ ਇੰਟਰੈਕਟਿਵ ਬੋਰਡ, ਲਾਇਬ੍ਰੇਰੀਆਂ, ਲੈਬਾਰਟਰੀਆਂ, ਚਾਰਦੀਵਾਰੀਆਂ, ਨਵਾਂ ਫਰਨੀਚਰ, ਪੀਣ ਵਾਲਾ ਪਾਣੀ, ਟੁਆਇਲਟ ਬਲਾਕ ਸਮੇਤ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਹੈ।