ਢੱਕ ਦੇ ਖਿੜ੍ਹੇ ਫੁੱਲਾਂ ਨਾਲ ਖੁਸ਼ੀਆਂ ਬਿਖੇਰਦੀ "ਤਪੋਬਣ ਢੱਕੀ ਸਾਹਿਬ" ਵਿਖੇ ਸ਼੍ਰੋਮਣੀ ਭਗਤ ਧੰਨਾ ਦਾ ਆਗਮਨ ਦਿਹਾੜਾ ਮਨਾਇਆ
- ਭਗਤ ਧੰਨਾ ਜੀ ਅੰਤਰਮੁਖੀ ਬਿਰਤੀ ਵਾਲੇ ਪ੍ਰਭੂ ਦੇ ਵੈਰਾਗਵਾਨ ਭਗਤ ਸਨ- ਸੰਤ ਢੱਕੀ ਵਾਲੇ
ਰਵਿੰਦਰ ਸਿੰਘ ਢਿੱਲੋਂ
ਖੰਨਾ, 20 ਅਪ੍ਰੈਲ 2025 - ਚਾਰ ਚੁਫੇਰਿਓਂ ਪੱਕੀਆਂ ਕਣਕ ਦੇ ਖੇਤਾਂ ਨਾਲ ਘਿਰੀ, "ਢੱਕ ਦੇ ਖਿੜ੍ਹੇ ਫੁੱਲਾਂ ਨਾਲ ਖੁਸ਼ੀਆਂ ਬਿਖੇਰਦੀ " ਤਪੋਬਣ ਢੱਕੀ ਸਾਹਿਬ " ਦੀ ਧਰਤੀ ਤੇ, ਸ਼੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਜੁੜੀਆਂ ਸੰਗਤਾਂ, ਕਿਰਤ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਨਾਲ ਇੱਕਮਿਕ ਹੋ ਕੇ ਆਪਣੇ ਜੀਵਨ ਨੂੰ ਪ੍ਰੇਮਾ ਭਗਤੀ ਨਾਲ ਪਾਰ ਉਤਾਰਾ ਕਰਨ ਲਈ ਭਗਤ ਜੀ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਸਾਂਝਾ ਕਰਦਿਆਂ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੇ ਹੋਏ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਭਗਤ ਧੰਨਾ ਜੀ ਉਨ੍ਹਾਂ ਪੰਦਰਾਂ ਭਗਤਾਂ ਵਿਚੋਂ ਇਕ ਸਨ, ਜਿਨ੍ਹਾਂ ਦੀ ਬਾਣੀ ਨੂੰ ਹਰ ਪੱਖੋਂ ਪੜਚੋਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਸੀ, ਕਿਉਕਿ ਭਗਤ ਧੰਨਾ ਜੀ ਅੰਤਰਮੁਖੀ ਬਿਰਤੀ ਵਾਲੇ ਪ੍ਰਭੂ ਦੇ ਵੈਰਾਗਵਾਨ ਭਗਤ ਸਨ।
ਉਨ੍ਹਾਂ ਦੀ ਬਾਣੀ ਵਿਚੋਂ ਪ੍ਰੇਮਾ ਭਗਤੀ ਵੀ ਮਿਲਦੀ ਹੈ ਤੇ ਨਾਲ ਨਾਲ ਵੈਰਾਗ ਵੀ ਮਿਲਦਾ ਹੈ ਅਤੇ ਮਨੁੱਖ ਦੀ ਅਸਲੀਅਤ ਕੀ ਹੈ, ਭਗਤ ਜੀ ਨੇ ਕਿਵੇਂ ਆਪਣੇ ਜੀਵਨ ਨੂੰ ਅਨੰਦਮਈ ਅਲੌਕਿਕਤਾ ਅਤੇ ਨੂਰੀ ਪ੍ਰਕਾਸ਼ ਦਾ ਸੁੰਦਰਮਈ ਵਰਣਨ ਕੀਤਾ ਆਦਿ ਪੱਖਾਂ ਨੂੰ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਹਵਾਲੇ ਨਾਲ ਬਹੁਤ ਹੀ ਗਹਿਰਾਈ ਨਾਲ ਸਮਝਾਇਆ ਕਿ ਪ੍ਰਮਾਤਮਾਂ ਦੇ ਮਿਲਾਪ ਰੂਪੀ ਡੂੰਘੀ ਸਾਂਝ ਦੇ ਕਿਵੇਂ ਦਰਸ਼ਨ ਹੋਣ। ਜਿਕਰ ਕਰਨਾ ਬਣਦਾ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਸੰਨ 1996 'ਚ ਭਗਤ ਜੀ ਦੇ ਪਿੰਡ ਧੁੰਆਂ ਕਲਾਂ ਰਾਜਸਥਾਨ ਵਿਖੇ ਉਸ ਅਸਥਾਨ ਨੂੰ ਸੰਸਾਰ ਸਾਹਮਣੇ ਲਿਆਦਾ, ਜਿਸ ਖੇਤ 'ਚ ਭਗਤ ਜੀ ਖੇਤੀ ਕਰਦੇ ਸਨ, ਖੂਹ ਨਾਲ ਰਵਾਇਤੀ ਸਿੰਚਾਈ ਕਰਦੇ ਸਨ । ਮਹਾਂਪੁਰਸ਼ਾਂ ਨੇ ਉਸ ਖੂਹ ਨੇੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਪੂਰਨ ਗੁਰਮਰਿਆਦਾ ਅਨੁਸਾਰ ਗੁਰਮਤਿ ਸਮਾਗਮ ਕੀਤਾ ਅਤੇ ਸੰਗਤਾਂ ਦੀ ਸਹਿਮਤੀ ਨਾਲ ਗੁਰੂ ਦਰਬਾਰ ਬਣਾਉਣ ਲਈ ਟੱਪਾ ਲਾਇਆ ਸੀ ਅਤੇ ਕਾਰ ਸੇਵਾ ਅਰੰਭ ਕਰਵਾਈ ਸੀ। ਅੱਜ ਦੇ ਸਮਾਗਮ ਦੌਰਾਨ ਭਾਈ ਹਰਵੰਤ ਸਿੰਘ, ਭਾਈ ਕੁਲਵੰਤ ਸਿੰਘ ਭਾਈ ਕੁਲਵਿੰਦਰ ਪ੍ਰੋਫੈਸਰ ਹਰਸਿਮਰਨ ਸਿੰਘ ਪਰਮਿੰਦਰ ਸਿੰਘ ਲੁਧਿਆਣਾ ਭਾਈ ਸੁਖਦੀਪ ਸਿੰਘ, ਭਿੰਦਰ ਸਿੰਘ ਮਕਸੂਦੜਾ, ਬਲਵੰਤ ਸਿੰਘ ਸ਼ਾਹਪੁਰ ਅਤੇ ਹਰੀ ਸਿੰਘ ਆਦਿ ਨੇ ਆਪੋ ਆਪਣੀਆਂ ਜਿੰਮੇਵਾਰੀਆਂ ਵਾਲੀਆਂ ਸੇਵਾਵਾਂ ਨਿਭਾਈਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ।