ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 5 ਫਰਵਰੀ 2025 - ਵਿਸ਼ਵ ਕੈਂਸਰ ਦਿਵਸ ਮੌਕੇ ‘ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਵਾਇਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ (ਡਾ. ਬੀ.ਸੀ.ਰਾਇ ਆਵਾਰਡੀ) ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰ ਡਾ. ਰਾਕੇਸ਼ ਗੋਰੀਆ,ਰਜਿਸਟਰਾਰ, ਬਾਬਾ ਫਰੀਦ ਯੂਨੀਵਰਿਸਟੀ ਆਫ ਹੈਂਲਥ ਸਾਇੰਸਜ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਆਦਿ ਵੀ ਹਾਜਰ ਸਨ।
ਇਸ ਮੌਕੇ ਤੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ, ਕੈਂਸਰ ਵਿਭਾਗ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ।ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ।
ਉਹਨਾਂ ਤੋ ਇਲਾਵਾ ਵਿਭਾਗ ਦੇ ਡਾ. ਰੋਮੀ ਕਾਂਤ ਗਰੋਵਰ, ਐਸੋਸੀਏਟ ਪ੍ਰੋਫੈਸਰ ਵੱਲੋਂ ਮਹਿਲਾਵਾ ਵਿੱਚ ਪਾਏ ਜਾਣ ਵਾਲੇ ਬੱਚੇਦਾਨੀ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਸ ਦੇ ਸ਼ੁਰੂਆਤੀ ਲੱਛਣਾ ਅਤੇ ਇਸ ਦੀ ਰੋਕਥਾਮ ਲਈ WHO ਦੁਆਰਾ ਚਲਾਈ ਗਈ ਮੁਹਿੰਮ ਅੰਦਰ 9 ਸਾਲ ਤੋਂ ਉਪਰ ਦੀਆ ਲੜਕੀਆ ਨੂੰ HPV ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ। ਇਹ ਵੈਕਸੀਨ ਵਾਜਬ ਰੇਟ ਉਪਰ ਹੁਣ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਬੁਹਤ ਹੀ ਵਧੀਆ ਗੱਲ ਹੈ। ਇਸ ਦੇ ਨਾਲ ਹੀ ਡਾ. ਸਿਮਰਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮੂੰਹ ਦੇ ਕੈਂਸਰ, ਡਾ. ਖੁਸ਼ਬੂ ਵੱਲੋਂ ਕੈਂਸਰ ਦੀ ਮੁਢਲੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਡਾ. ਸ਼ਿਪਰਾ ਗਰਗ ਵੱਲੋਂ ਛਾਤੀ ਅਤੇ ਗਦੂਦਾਂ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾ ਨੂੰ ਅੱਖੋ ਪਰੋਖੇ ਨਹੀ ਕਰਨਾ ਚਾਹੀਦਾ ਖਾਸ ਤੌਰ ਦੇ ਇਸਤਰੀਆ ਨੂੰ ਇਹਨਾਂ ਲੱਛਣਾ ਬਾਰੇ ਸ਼ਰਮਾਉਣਾ ਨਹੀ ਚਾਹੀਦਾ ਅਤੇ ਇਹਨਾਂ ਬਾਰੇ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁਢਲੀ ਸਟੇਜ ਦਾ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਤੇ ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗ.ਗ.ਸ.ਮੈਡੀਕਲ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋ ਇਕ ਕੈਂਸਰ ਵੈਨ ਵੀ ਚਲਾਈ ਜਾਂਦੀ ਹੈ ਜੋ ਕਿ ਦੂਰ/ ਨੇੜੇ ਦੇ ਇਲਾਕਿਆ ਵਿੱਚ ਜਾ ਲੋਕਾ ਦੀ ਮੁਢਲੀ ਜਾਂਚ ਕਰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਵੱਲੋ ਸਲੱਮ ਏਰੀਆ ਵਿੱਚ ਜਾ ਕੇ ਕੈਂਪ ਵੀ ਕੀਤੇ ਜਾਂਦੇ ਹਨ, ਜਿਸ ਵਿੱਚ ਸਥਾਨਕ ਲੋਕਾ ਦੀ ਜਾਂਚ ਕਰਨ ਉਪਰੰਤ ਉਹਨਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਡਾ. ਰਾਕੇਸ਼ ਗੋਰੀਆ, ਰਜਿਸਟਰਾਰ ਬਾਬਾ ਫਰੀਦ ਯੂਨਵਰਸਿਟੀ ਨੇ ਇਸ ਮੌਕੇ ਦਸਿਆ ਕਿ ਹਸਪਤਾਲ ਵੱਲੋ ਮਰੀਜਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆ ਉੱਚ ਪੱਧਰੀ ਸਹੂਲਤਾ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੇਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾਂ (ਆਯੂਸ਼ਮਾਨ) ਦੇ ਅਧੀਂਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜਮਾ ਲਈ ਹਸਪਤਾਲ ਅੰਦਰ ਫਰੀ / ਕਰੋਨਿਕ ਬਿਮਾਰੀ ਦੇ ਸਰਟੀਫਿਕੇਟ ਵੀ ਬਣਾਏ ਜਾਂਦੇ ਹਨ।
ਡਾ. ਰਾਜੀਵ ਸੂਦ,ਵਾਇਸ ਚਾਂਸਲਰ ਸਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਵਲੋਂ ਚਲਾਏ ਜਾ ਰਹੇ ਐਡਵਾਂਸ ਕੈਂਸਰ ਇੰਸਟੀਚਿਊਟ, ਬਠਿੰਡਾ ਅਤੇ ਟੀ.ਸੀ.ਸੀ.ਸੀ, ਫਾਜਿਲਕਾ ਵਾਲੇ ਸੈਂਟਰ ਸਬੰਧੀ ਲੋਕਾ ਨੂੰ ਦੱਸਿਆ ਕਿ ਯੂਨੀਵਰਸਿਟੀ ਵੱਲੋ ਇਹਨਾਂ ਇਲਾਕਿਆਂ ਦੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਸੈਂਟਰਾ ਨੂੰ ਅਤਿ- ਅਧੁਨਿਕ ਸੁਵਿਧਾਵਾ ਨਾਲ ਤਿਆਰ ਕੀਤਾ ਗਿਆ ਹੈ। ਉਹਨਾ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਵੀ ਕੀਤੀ ਜਾਇਆ ਕਰੇਗੀ।
ਇਸ ਮੌਕੇ ਉਪਰ ਵਿਭਾਗ ਦੇ ਸੀਨੀਅਰ ਰੈਡੀਡੈਟਸ, ਪੀ.ਜੀ ਡਾਕਟਰ, ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਵੱਲੋਂ ਆਪਣੇ ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜਰ ਸਨ।