ਇੱਕ ਮਹੀਨਾ ਪਹਿਲਾਂ ਗਈ ਲੜਕੀ ਨੂੰ ਅਮਰੀਕਾ ਨੇ ਕੀਤਾ ਡਿਪੋਰਟ
ਦੀਪਕ ਜੈਨ
ਜਗਰਾਉਂ, 5 ਫਰਵਰੀ 2025 - ਅਮਰੀਕਾ ਦੇ ਦੂਸਰੀ ਵਾਰੀ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਅਮਰੀਕਾ ਅੰਦਰ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦੇਵੇਗਾ, ਜਿਸ ਉੱਪਰ ਕਾਰਵਾਈ ਕਰਦਿਆਂ ਹੋਇਆ ਅਮਰੀਕਾ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ 200 ਤੋਂ ਵੀ ਜਿਆਦਾ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਇਨ੍ਹਾਂ ਵਿੱਚ ਜਗਰਾਉਂ ਦੀ ਮੁਸਕਾਨ ਸ਼ਾਮਲ ਹੈ। ਯੂਐਸ ਏਅਰ ਫੋਰਸ ਦਾ ਸੀ -1 ਗਲੋਬਾਸਟਰ ਏਅਰਕ੍ਰਾਫਟ ਬੁੱਧਵਾਰ ਨੂੰ ਸਵੇਰੇ 1 ਵਜੇ ਦੇ ਆਸ ਪਾਸ ਅੰਮ੍ਰਿਤਸਰ ਏਅਰ ਫੋਰਸ ਬੇਸ 'ਤੇ ਉਤਰਿਆ।
ਮੁਸਕਾਨ ਅਸਲ ਵਿੱਚ ਜਗਰਾਉਂ ਦੇ ਮੁਹੱਲਾ ਪ੍ਰਤਾਪ ਨਗਰ ਦੀ ਰਹਿਣ ਵਾਲੀ ਹੈ। ਉਹ ਇਕ ਸਾਲ ਪਹਿਲਾਂ ਅਧਿਐਨ ਵੀਜ਼ਾ 'ਤੇ ਯੂਕੇ ਗਈ ਸੀ। ਕੁਝ ਮਹੀਨਿਆਂ ਲਈ ਉਥੇ ਰਹਿਣ ਤੋਂ ਬਾਅਦ, ਇਕ ਏਜੰਟ ਰਾਹੀਂ ਗੈਰਕਨੂੰਨੀ ਤੌਰ 'ਤੇ ਅਮਰੀਕਾ ਪਹੁੰਚ ਗਈ। ਉਹ ਅਮਰੀਕਾ ਵਿਚ ਲਗਭਗ ਇਕ ਮਹੀਨੇ ਰਹਿਣ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੀ ਗਈ ਹੈ। ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਪੁਰਾਣੀ ਸਬਜ਼ੀ ਮੰਡੀ ਦੀ ਮਾਰਕੀਟ ਅੰਦਰ ਮਸ਼ਹੂਰ ਮਾਮੇ ਦਾ ਢਾਬਾ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਚਾਰ ਧੀਆਂ ਵਿਚਕਾਰ ਸਭ ਤੋਂ ਵੱਡੀ ਮੁਸਕਾਨ ਨੂੰ ਵਿਦੇਸ਼ ਵਿੱਚ ਭੇਜਣ ਦਾ ਸੁਪਨਾ ਸੀ ਜਿਸ ਲਈ ਉਹਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਸਨ। ਮੁਸਕਾਨ ਦੇ ਪਿਤਾ ਜਗਦੀਸ਼ ਮੁਤਾਬਕ ਉਸਨੂੰ ਅੱਜ ਪਤਾ ਲੱਗ ਗਿਆ ਕਿ ਧੀ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ।
ਮੁਸਕਾਨ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰੈਂਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ। ਪਰਿਵਾਰ ਦਾ ਰੋ ਰੋ ਕੇ ਹੈ ਬੁਰਾ ਹਾਲ
ਮੁਸਕਾਨ ਦੇ ਪਿਤਾ ਜਗਦੀਸ਼ ਮੁਤਾਬਕ ਉਹਨਾਂ ਦੀ ਆਪਣੀ ਬੇਟੀ ਨਾਲ ਪਿਛਲੇ ਮਹੀਨੇ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸਦੀ ਧੀ ਗੱਲ ਨਹੀਂ ਕਰ ਸਕੀ। ਜਗਦੀਸ਼ ਨੇ ਅੱਗੇ ਦੱਸਿਆ ਕਿ ਉਸ ਨੇ ਬੜੀ ਉਮੀਦ ਨਾਲ ਆਪਣੀ ਵੱਡੀ ਬੇਟੀ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਹ ਆਪਣੀਆਂ ਛੋਟੀਆਂ ਭੈਣਾਂ ਨੂੰ ਵੀ ਵਿਦੇਸ਼ ਵਿੱਚ ਸੈਟਲ ਕਰ ਲਵੇਗੀ। ਪ੍ਰੰਤੂ ਅਮਰੀਕਾ ਵੱਲੋਂ ਉਸ ਦੀ ਬੇਟੀ ਨੂੰ ਡਿਪੋਰਟ ਕਰਕੇ ਵਾਪਸ ਭੇਜਣ ਤੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਜਗਦੀਸ਼ ਮੁਤਾਬਿਕ ਉਸ ਨੇ ਮੁਸਕਾਨ ਨੂੰ ਸਟੱਡੀ ਵੀਜ਼ਾ ਉੱਪਰ ਯੂਕੇ ਭੇਜਿਆ ਸੀ ਅਤੇ ਉਹ ਯੂਕੇ ਤੋਂ ਕਿਸੇ ਏਜੰਟ ਦੇ ਝਾਂਸੇ ਵਿੱਚ ਆ ਕੇ ਅਮਰੀਕਾ ਕਿਵੇਂ ਚਲੀ ਗਈ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਦਾ ਤਾਂ ਅਮਰੀਕਾ ਵਿੱਚ ਕੋਈ ਰਿਸ਼ਤੇਦਾਰ ਵੀ ਨਹੀਂ ਹੈ।