ਭੇਤਭਰੇ ਹਾਲਾਤਾਂ 'ਚ ਨੌਜਵਾਨ ਹੋਇਆ ਲਾਪਤਾ: 5 ਦਿਨ ਬੀਤ ਜਾਣ 'ਤੇ ਵੀ ਨਹੀਂ ਲੱਗ ਸਕਿਆ ਕੋਈ ਪਤਾ
- ਪਰਿਵਾਰ ਵਾਲਿਆਂ ਨੇ ਲਗਾਈ ਪੁਲਿਸ ਕੋਲ ਮੱਦਦ ਦੀ ਗੁਹਾਰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਫਰਵਰੀ 2025 - ਨੇੜਲੇ ਪਿੰਡ ਰਾਣੀਵਲਾਹ ਦੇ 1 ਫਰਵਰੀ ਤੋਂ ਭੇਤਭਰੇ ਹਾਲਾਤਾਂ 'ਚ ਲਾਪਤਾ ਹੋਏ 18 ਸਾਲਾ ਨੌਜਵਾਨ ਦੀ 5 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਉੱਘ-ਸੁੱਗ ਨਾ ਮਿਲਣ ਕਰਕੇ ਪਰਿਵਾਰ ਅਤੇ ਪਿੰਡ ਵਾਲਿਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਰਾਣੀ ਵਲਾਹ 1 ਫਰਵਰੀ ਨੂੰ ਸਵੇਰੇ ਘਰੋਂ ਬਿਨ੍ਹਾਂ ਦੱਸੇ ਚਲੇ ਗਿਆ ਸੀ,ਜਿਸਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਲੜਕੇ ਦੀ ਭੂਆ ਬਲਜਿੰਦਰ ਕੌਰ ਨੇ ਦੱਸਿਆ ਕਿ ਸਾਡਾ ਲੜਕਾ ਸੁਖਚੈਨ ਸਿੰਘ 1 ਫਰਵਰੀ ਨੂੰ ਸਵੇਰੇ 6 ਵਜੇ ਉਠਿਆ ਤੇ ਗੇਟ ਖੋਲ੍ਹ ਕੇ ਘਰੋਂ ਬਾਹਰ ਚਲਾ ਗਿਆ।
ਥੋੜ੍ਹੀ ਦੇਰ ਬਾਅਦ ਹੀ ਉਸਦੇ ਪਿੱਛੇ ਅਸੀਂ ਬਾਹਰ ਨਿਕਲੇ ਪਰ ਧੁੰਦ ਜ਼ਿਆਦਾ ਹੋਣ ਕਾਰਨ ਬੱਚਾ ਕਿਤੇ ਨਜ਼ਰ ਨਹੀਂ ਆਇਆ।ਉਸਤੋਂ ਬਾਅਦ ਅਸੀਂ ਪੂਰੇ ਇਲਾਕੇ ਅਤੇ ਰਿਸ਼ਤੇਦਾਰੀ ਵਿੱਚ ਬੱਚੇ ਦੀ ਭਾਲ ਕਰਦੇ ਰਹੇ,ਪਰ ਬੱਚੇ ਦਾ ਕੁੱਝ ਪਤਾ ਨਹੀਂ ਲੱਗ ਸਕਿਆ।ਜਿਸਤੋਂ ਬਾਅਦ ਸਾਡੇ ਵਲੋਂ ਥਾਣਾ ਚੋਹਲਾ ਸਾਹਿਬ ਵਿਖੇ ਪੁਲਿਸ ਨੂੰ ਸ਼ਿਕਾਇਤ ਕਰਕੇ ਮਦਦ ਲਈ ਗੁਹਾਰ ਲਗਾਈ ਗਈ ਹੈ ਪਰ ਅੱਜ 5 ਦਿਨ ਬੀਤ ਜਾਣ 'ਤੇ ਵੀ ਸਾਡੇ ਬੱਚੇ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਲਾਪਤਾ ਹੋਏ ਬੱਚੇ ਦੀ ਮਾਂ ਨਹੀਂ ਹੈ ਅਤੇ ਉਸਦੇ ਪਿਓ ਦਾ ਇਹ ਇੱਕੋ ਇਕ ਬੱਚਾ ਹੀ ਸਹਾਰਾ ਹੈ।ਇਸ ਲਈ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਾਡਾ ਬੱਚਾ ਲੱਭ ਕੇ ਸਾਡੇ ਪਰਿਵਾਰ ਤੱਕ ਪਹੁੰਚਾਇਆ ਜਾਵੇ,ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਹੀ ਚਿੰਤਾ ਅਤੇ ਸਹਿਮ ਦੇ ਵਿੱਚ ਹਨ।