ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 5 ਫਰਵਰੀ ਨੂੰ ਹੋ ਗਈਆਂ, ਕਰੀਬ 60% ਇੱਥੇ ਵੋਟਿੰਗ ਹੋਈ। ਇਸ ਤੋਂ ਇਲਾਵਾ ਕੁੱਝ ਜਗਾਵਾਂ ਤੋਂ ਝੜਪ ਦੀਆਂ ਵੀ ਖ਼ਬਰਾਂ ਮਿਲੀਆਂ। ਪਰ ਕੁੱਲ ਮਿਲਾ ਕੇ ਵੋਟਾਂ ਸ਼ਾਂਤੀ ਪੂਰਵਕ ਭੁਗਤੀਆਂ। ਪਰ ਇਸੇ ਵਿਚਾਲੇ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਖ਼ਤਮ ਹੁੰਦਾ ਗਿਆ ਤਾਂ ਉਹਦੇ ਬਾਅਦ ਸ਼ਾਮ ਕਰੀਬ 6-7 ਵਜੇ ਵੱਖ ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਜਾਂ ਫਿਰ ਇਹ ਕਹਿ ਲਓ ਕਿ ਕੁੱਝ ਏਜੰਸੀਆਂ ਦੇ ਵੱਲੋਂ ਐਗਜ਼ਿਟ ਪੋਲ ਦੇ ਨਤੀਜੇ ਵੀ ਜਾਰੀ ਕੀਤੇ ਗਏ। ਐਗਜ਼ਿਟ ਪੋਲ ਨੂੰ ਵੈਸੇ ਸਿੱਧੀ ਤੇ ਸਾਧਾਰਨ ਭਾਸ਼ਾ ਵਿੱਚ ਕੱਚੇ ਜਾਂ ਫਿਰ ਤੁੱਕੇ ਨਤੀਜੇ ਕਿਹਾ ਜਾਂਦਾ।
ਐਗਜ਼ਿਟ ਪੋਲ ਤੇ ਵਿਸ਼ਵਾਸ ਕੀਤਾ ਜਾਣਾ ਕੋਈ ਬਹੁਤਾ ਠੀਕ ਨਹੀਂ, ਕਿਉਂਕਿ ਐਗਜ਼ਿਟ ਪੋਲ ਹਮੇਸ਼ਾ ਹੀ ਵਿਵਾਦਾਂ ਵਿੱਚ ਰਿਹਾ ਹੈ ਅਤੇ ਐਗਜ਼ਿਟ ਪੋਲ ਦੇ ਉਲਟ ਜਾ ਕੇ ਹੀ ਨਤੀਜੇ ਆਉਂਦੇ ਰਹੇ ਹਨ। ਕਰੀਬ 9-10 ਮੀਡੀਆ ਅਦਾਰਿਆਂ ਅਤੇ ਏਜੰਸੀਆਂ ਦੇ ਵੱਲੋਂ ਕੀਤੇ ਗਏ ਇਹਨਾਂ ਐਗਜ਼ਿਟ ਪੋਲਾਂ ਦੇ ਵਿੱਚ ਕਰੀਬ 8 ਵਿੱਚ ਤਾਂ ਭਾਜਪਾ ਨੂੰ ਬਹੁਮਤ ਮਿਲਦਾ ਵਿਖਾਈ ਦਿੱਤਾ ਹੈ, ਉੱਥੇ ਹੀ ਦੂਸਰੇ ਪਾਸੇ ਕਾਂਗਰਸ ਤਾਂ ਸਾਰੀ ਗੇਮ 'ਚੋਂ ਹੀ ਬਾਹਰ ਵਿਖਾਈ ਦੇ ਰਹੀ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਤਾਂ ਵਿਖਾਈ ਨਹੀਂ ਦੇ ਰਿਹਾ, ਪਰ ਉਹ ਵਿਰੋਧੀ ਧਿਰ ਦੇ ਵਜੋਂ ਸ਼ਾਮਿਲ ਵਿਖਾਈ ਦੇ ਰਹੀ ਹੈ।
ਪਰ ਇਸੇ ਦੇ ਵਿਚਾਲੇ ਜੇਕਰ ਇਹਨਾਂ ਐਗਜ਼ਿਟ ਪੋਲਾਂ ਦੇ ਪਿਛੋਕੜ ਤੇ ਨਿਗਾਹ ਮਾਰੀਏ ਤਾਂ ਐਗਜ਼ਿਟ ਪੋਲ ਤਕਰੀਬਨ ਹਰ ਵਾਰ ਹੀ ਢਿੱਲਾ ਮੱਠਾ ਰਿਹਾ। ਪਿਛਲੇ ਸਾਲ ਹਰਿਆਣਾ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਜੇਜੇਪੀ ਮੈਦਾਨ ਦੇ ਵਿੱਚ ਸਨ। ਵੋਟਾਂ ਖ਼ਤਮ ਹੁੰਦਿਆਂ ਹੀ ਐਗਜ਼ਿਟ ਪੋਲ ਦੀ ਨਤੀਜੇ ਸਾਹਮਣੇ ਆਏ, ਜਿਸ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਵਿਖਾਈ ਦਿੱਤੀ, ਪਰ ਜਦੋਂ ਅਸਲ ਨਤੀਜੇ ਅਤੇ ਵੋਟਾਂ ਦੀ ਗਿਣਤੀ ਹੋਈ ਤਾਂ, ਉਹਦੇ ਵਿੱਚ ਪੂਰੀ ਦੀ ਪੂਰੀ ਬਾਜ਼ੀ ਪਲਟ ਗਈ। ਭਾਜਪਾ ਨੂੰ ਬਹੁਮਤ ਮਿਲਿਆ, ਭਾਜਪਾ ਦੀ ਸਰਕਾਰ ਬਣੀ ਅਤੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣੇ। ਪਰ ਕਾਂਗਰਸ ਪੂਰੀ ਗੇਮ ਵਿੱਚੋਂ ਬਾਹਰ ਹੋ ਗਈ।
ਇਹ ਐਗਜ਼ਿਟ ਪੋਲ ਏਜੰਸੀਆਂ ਕਿਵੇਂ ਸਰਵੇ ਕਰਦੀਆਂ ਨੇ ਅਤੇ ਕਿਵੇਂ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੰਦੀਆਂ ਨੇ। ਇਸ ਬਾਰੇ ਹਾਲ ਦੀ ਘੜੀ ਤਾਂ ਪਤਾ ਨਹੀਂ ਲੱਗਿਆ, ਪਰ ਜੇਕਰ ਇਹਦੇ ਪਿਛੋਕੜ ਤੇ ਨਿਗਾਹ ਮਾਰੀਏ ਤਾਂ, ਇਹਨਾਂ ਨੂੰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਹੀ ਬਣਾਇਆ ਗਿਆ ਲੱਗਦਾ ਹੈ। ਵੈਸੇ ਕਮਾਲ ਦੀ ਗੱਲ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਕਿਸੇ ਪਾਰਟੀ ਨੂੰ ਇੰਨੀ ਜ਼ਿਆਦਾ ਹਵਾ ਮਿਲ ਜਾਂਦੀ ਹੈ ਕਿ ਉਹ ਲੱਡੂਆਂ ਦੇ ਵੀ ਆਰਡਰ ਤੱਕ ਦੇ ਦਿੰਦੀ ਹੈ ਕਿ ਉਨ੍ਹਾਂ ਦੀ ਤਾਂ ਸਰਕਾਰ ਬਣ ਰਹੀ ਹੈ। ਹਰਿਆਣੇ ਵਿੱਚ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ।
ਪਰ ਐਗਜ਼ਿਟ ਪੋਲ ਹਮੇਸ਼ਾ ਸਹੀ ਨਹੀਂ ਹੁੰਦਾ। ਮੰਨਿਆ ਜਾਂਦਾ ਹੈ ਕਿ ਐਗਜ਼ਿਟ ਪੋਲ ਚੰਦ ਕੁ ਗਲੀਆਂ ਜਾਂ ਮਹੱਲਿਆਂ ਬਾਜ਼ਾਰਾਂ ਅਤੇ ਘਰਾਂ ਵਿੱਚ ਜਾ ਕੇ ਆਮ ਲੋਕਾਂ ਦੀ ਸੋਚ ਫੜਦਾ, ਜਿਸ ਦੇ ਵਿੱਚ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਅਤੇ ਉਹਦੇ ਕਿਹੜੇ ਕੰਮਾਂ ਦੀ ਸ਼ਲਾਘਾ ਕਰਦੇ ਨੇ ਅਤੇ ਇਹਨਾਂ ਚੀਜ਼ਾਂ ਨੂੰ ਹੀ ਪੁਆਇੰਟ ਆਊਟ ਕਰਕੇ ਏਜੰਸੀਆਂ ਐਗਜ਼ਿਟ ਪੋਲ ਤਿਆਰ ਕਰਦੀਆਂ ਨੇ।
ਵੈਸੇ, 2015 ਅਤੇ 2020 ਵਿੱਚ ਜਦੋਂ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਸੀ ਅਤੇ ਲੋਕ ਬਦਲਾਅ ਦੀ ਉਡੀਕ ਵਿੱਚ ਸਨ ਤਾਂ, ਉਸ ਵੇਲੇ ਐਗਜ਼ਿਟ ਪੋਲ ਕਿੰਨੇ ਸਹੀ ਸਾਬਤ ਹੋਏ ਸਨ। ਕਿਉਂਕਿ ਲੋਕ ਸ਼ਰੇਆਮ ਕਹਿ ਰਹੇ ਸਨ ਕਿ ਉਹ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। 2020 ਅਤੇ 2015 ਦੇ ਅੰਕੜਿਆਂ ਦੇ ਆਧਾਰ 'ਤੇ ਐਗਜ਼ਿਟ ਪੋਲ ਸਹੀ ਸਾਬਤ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਐਗਜ਼ਿਟ ਪੋਲ ਸਿਰਫ਼ ਅਨੁਮਾਨਾਂ 'ਤੇ ਆਧਾਰਤ ਹੁੰਦੇ ਹਨ। 2020 ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਕੇਜਰੀਵਾਲ ਦੀ ਪਾਰਟੀ ਲਈ 59-68 ਸੀਟਾਂ ਦਾ ਅਨੁਮਾਨ ਲਗਾਇਆ ਸੀ।
ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 2020 ਵਿੱਚ ਦਾਅਵਾ ਕੀਤਾ ਸੀ ਕਿ 'ਆਪ' ਨੂੰ 50 ਤੋਂ ਵੱਧ ਸੀਟਾਂ ਮਿਲਣਗੀਆਂ। ਕਾਫ਼ੀ ਹੱਦ ਤੱਕ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ। 'ਆਪ' ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ। ਪਿਛਲੀ ਵਾਰ ਏਬੀਪੀ ਨਿਊਜ਼ ਅਤੇ ਸੀ ਵੋਟਰ ਨੇ ਵੀ ਆਪਣੇ ਅਨੁਮਾਨ ਜਾਰੀ ਕੀਤੇ ਸਨ। ਐਗਜ਼ਿਟ ਪੋਲ ਦੇ ਅਨੁਸਾਰ, 'ਆਪ' ਨੂੰ 49-63 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਨਿਊਜ਼-ਐਕਸ ਅਤੇ ਪੋਲਸਟ੍ਰੇਟ ਨੇ ਆਪਣੇ ਸਰਵੇਖਣਾਂ ਵਿੱਚ ਭਵਿੱਖਬਾਣੀ ਕੀਤੀ ਸੀ ਕਿ 'ਆਪ' 50-56 ਸੀਟਾਂ ਜਿੱਤੇਗੀ, ਜਦੋਂ ਕਿ ਰਿਪਬਲਿਕ-ਜਨ ਕੀ ਬਾਤ ਨੇ ਭਵਿੱਖਬਾਣੀ ਕੀਤੀ ਸੀ ਕਿ 'ਆਪ' 48-61 ਸੀਟਾਂ ਜਿੱਤੇਗੀ। ਅੰਦਾਜ਼ੇ ਲਗਭਗ ਸਹੀ ਸਾਬਤ ਹੋਏ। ਹਰ ਪੋਲ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ, ਏਬੀਪੀ ਨਿਊਜ਼-ਸੀ ਵੋਟਰ ਅਤੇ ਰਿਪਬਲਿਕ ਟੀਵੀ-ਜਨ ਕੀ ਬਾਤ ਨੇ 60 ਤੋਂ ਵੱਧ ਸੀਟਾਂ ਦਿਖਾਈਆਂ ਸਨ।
ਪਰ ਮੌਜੂਦਾ ਵੇਲੇ ਵਿੱਚ ਇਹਨਾਂ ਐਗਜ਼ਿਟ ਪੋਲਾਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ ਗ਼ਲਤ ਹੈ। ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਵੇਲੇ ਦੇ ਵਿੱਚ ਹੈ। ਦਾਅਵਾ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਆਤਸ਼ੀ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੇ ਅੰਦਰ ਚੌਥੀ ਵਾਰ ਬਣਨ ਜਾ ਰਹੀ ਹੈ। ਪਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਹੋਰ ਭਾਜਪਾ ਦੇ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਉਨ੍ਹਾਂ ਨੇ ਤਾਂ ਇਸ ਵਾਰ ਦਿੱਲੀ ਜਿੱਤ ਹੀ ਲੈਣੀ ਹੈ।
ਪਰ ਵੇਖਣਾ ਹੁਣ ਇਹ ਹੋਏਗਾ ਕਿ 8 ਫਰਵਰੀ ਨੂੰ ਐਗਜ਼ਿਟ ਪੋਲ ਦੇ ਨਤੀਜੇ ਕਿੰਨੇ ਸੱਚ ਸਾਬਤ ਹੁੰਦੇ ਨੇ ਜਾਂ ਫਿਰ ਲੋਕਾਂ ਦੁਆਰਾ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਬਹੁਮਤ ਮਿਲ ਕੇ ਫਿਰ ਆਪ ਦੀ ਸਰਕਾਰ ਬਣਦੀ ਹੈ। ਬਾਕੀ ਪਾਠਕਾਂ ਨੂੰ ਦੱਸ ਦਈਏ ਕਿ ਉਹ ਇਹਨਾਂ ਐਗਜ਼ਿਟ ਪੋਲਾਂ ਨੂੰ ਦੇਖ ਕੇ ਬਹੁਤ ਆ ਖ਼ੁਸ਼ ਨਾ ਹੋਣ, ਕਿਉਂਕਿ ਇਹ ਕਿਸੇ ਸਿਆਸੀ ਪਾਰਟੀ ਦੁਆਰਾ ਹੀ ਛੱਡੀ ਗਈ ਛੁਰਲੀ ਹੋ ਸਕਦੀ ਹੈ। ਸੋ ਇਸ ਲਈ ਸਹੀ ਨਤੀਜਿਆਂ ਦੇ ਆਉਣ ਦੀ ਉਡੀਕ 8 ਫਰਵਰੀ ਤੱਕ ਪਾਠਕਾਂ ਨੂੰ ਕਰਨੀ ਚਾਹੀਦੀ ਹੈ।
![](upload/image/blog/writer/Gurpreet-1738772144011.jpg)
-
ਗੁਰਪ੍ਰੀਤ, ਲੇਖਕ
gurpreetsinghjossan@gmail.com
9569820314
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.