ਨਿਗਮ ਕਮਿਸ਼ਨਰ ਵੱਲੋਂ ਪਟਿਆਲਾ ਸ਼ਹਿਰ ਦੀਆਂ ਸੜਕਾਂ ‘ਤੇ ਆਵਾਜਾਈ ਸੁਚਾਰੂ ਤੇ ਨਿਯਮਿਤ ਕਰਨ ਲਈ ਨਵੀਆਂ ਤਜਵੀਜ਼ਾਂ ‘ਤੇ ਵਿਚਾਰ
-ਕਿਹਾ, ਆਵਾਜਾਈ ਦਰੁਸਤ ਕਰਨ ਲਈ ਬਾਜ਼ਾਰਾਂ ‘ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ
ਪਟਿਆਲਾ, 5 ਫਰਵਰੀ 2025 - ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਡਾ. ਰਜਤ ਓਬਰਾਏ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਇੱਕ ਵਿਸ਼ੇਸ਼ ਬੈਠਕ ਮੌਕੇ ਸ਼ਹਿਰ ਦੀਆਂ ਸੜਕਾਂ ‘ਤੇ ਆਵਾਜਾਈ ਸੁਚਾਰੂ ਤੇ ਨਿਯਮਿਤ ਕਰਨ ਲਈ ਨਵੀਆਂ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਐਸ.ਪੀ ਸਿਟੀ ਸਰਫਰਾਜ ਆਲਮ, ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਾ. ਰਜਤ ਓਬਰਾਏ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਹੋਈ ਇਸ ਬੈਠਕ ਦੌਰਾਨ ਇਹ ਵਿਚਾਰ ਕੀਤਾ ਗਿਆ ਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਭੀੜ ਨੂੰ ਰੋਕਣ ਲਈ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਹੈਵੀ ਵਾਹਨਾਂ ਦੀ ਆਵਾਜਾਈ ਉਪਰ ਰੋਕ ਲਗਾਉਣ ਦੀ ਤਜਵੀਜ਼ ਉੱਪਰ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭੁਪਿੰਦਰਾ ਰੋਡ ‘ਤੇ ਯੂ ਟਰਨ ਨੂੰ ਬੰਦ ਕਰਨ ਦੀ ਤਜਵੀਜ਼ ਵੀ ਘੋਖੀ ਜਾਵੇਗੀ। ਜਦੋਂ ਕਿ ਪਾਸੀ ਰੋਡ ਤੋਂ ਥਾਪਰ ਯੂਨੀਵਰਸਿਟੀ ਦੇ ਟੀ ਪੁਆਇੰਟ ਤੱਕ ਵਾਤਾਵਰਣ ਪਾਰਕ ਤੋਂ ਸਰਵਿਸ ਲੇਨ ਬਣਾਉਣ ਦੀ ਯੋਜਨਾ ਬਾਬਤ ਸਬੰਧਤ ਵਿਭਾਗਾਂ ਨਾਲ ਗੱਲਬਾਤ ਕਰਕੇ ਇਸ ਤਜਵੀਜ਼ ਨੂੰ ਘੋਖਿਆ ਜਾਵੇਗਾ।
ਡਾ. ਰਜਤ ਓਬਰਾਏ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਸਿਟੀ ਸੈਂਟਰ ਦੀ ਪਾਰਕਿੰਗ ਬਾਰੇ ਨਗਰ ਸੁਧਾਰ ਟਰਸਟ ਨਾਲ ਰਾਬਤਾ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ ਹੋਰ ਪਾਰਕਿੰਗ ਥਾਂਵਾਂ ਦੀ ਤਲਾਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਨਿਰਵਿਘਨ ਆਵਾਜਾਈ ਲਈ ਸ਼ਹਿਰ ਅੰਦਰਲੇ ਸਕੂਲਾਂ ਤੇ ਕਾਲਜਾਂ ਦੀ ਛੁੱਟੀ ਦਾ ਸਮਾਂ ਵੱਖੋ-ਵੱਖ ਕਰਨ ਲਈ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਬੈਠਕ ਮੌਕੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਅਤੇ ਬਬਨਦੀਪ ਸਿੰਘ ਵਾਲੀਆ, ਡੀਐਸਪੀ ਟ੍ਰੈਫਿਕ ਅੱਛਰੂ ਰਾਮ, ਐਕਸੀਐਨ ਲੋਕ ਨਿਰਮਾਣ ਪਿਯੂਸ਼ ਅਗਰਵਾਲ, ਲੈਂਡ ਬਰਾਂਚ ਦੇ ਅਧਿਕਾਰੀ ਆਦਿ ਵੀ ਹਾਜ਼ਰ ਸਨ।