ਸੀਬਾ ਸਕੂਲ 'ਚ ਸਾਲਾਨਾ ਸੱਭਿਆਚਾਰਕ ਸਮਾਰੋਹ 'ਮੈਂ ਪੰਜਾਬ ਬੋਲਦਾ ਹਾਂ' ਕਰਵਾਇਆ
ਦਲਜੀਤ ਕੌਰ
ਲਹਿਰਾਗਾਗਾ, 5 ਫਰਵਰੀ , 2025: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਸਾਲਾਨਾ ਸੱਭਿਆਚਾਰਕ ਸਮਾਰੋਹ 'ਮੈਂ ਪੰਜਾਬ ਬੋਲਦਾ ਹਾਂ' ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸ, ਵਿਰਸੇ, ਪਰੰਪਰਾਵਾਂ ਅਤ ਸੱਭਿਆਚਾਰ ਨਾਲ ਜੋੜਨ ਵਾਲੀਆਂ ਪੇਸ਼ਕਾਰੀ ਰਿਗਵੇਦ ਤੋਂ ਸ਼ੁਰੂ ਹੋ ਕੇ, ਨਾਲੰਦਾ ਯੂਨੀਵਰਸਿਟੀ, ਛਿਪਣ ਤੋਂ ਪਹਿਲਾਂ, ਕੂਕਾ ਲਹਿਰ, ਆਜ਼ਾਦੀ ਸੰਗ੍ਰਾਮ, ਗ਼ਦਰ ਲਹਿਰ, ਹਰੀ ਕ੍ਰਾਂਤੀ, ਕਿਸਾਨ-ਅੰਦੋਲਨ, ਅੰਧ-ਵਿਸ਼ਵਾਸ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਨਾਟਕਾਂ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਇਹਨਾਂ ਨਾਟਕਾਂ ਦੀ ਤਿਆਰੀ ਲਈ ਯਸ਼ ਸੰਗਰੂਰ ਅਤੇ ਮਾਇਕਲ ਢਿੱਲਵਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਛੋਟੇ ਬੱਚਿਆਂ ਦੇ ਡਾਂਸ, ਮਾਡਲਿੰਗ ਅਤੇ ਫੈਂਸੀ ਡਰੈੱਸ ਸ਼ੋਅ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਦੇ ਭੰਗੜੇ ਅਤੇ ਕੋਰੀਓਗ੍ਰਾਫੀਆਂ ਨੇ ਵੀ ਚੰਗਾ ਰੰਗ ਬੰਨ੍ਹਿਆ। ਇਸ ਪ੍ਰੋਗਰਾਮ ਦਾ ਮੰਤਵ ਬੱਚਿਆਂ ਦੇ ਹੁਨਰ ਨੂੰ ਨਿਖਾਰਣ ਦੇ ਨਾਲ-ਨਾਲ ਉਨ੍ਹਾਂ ਦਾ ਸਵੈ-ਵਿਸ਼ਵਾਸ ਵਧਾਉਣਾ ਸੀ। ਇਸੇ ਦੌਰਾਨ ਡੀ.ਐਸ.ਪੀ ਦੀਪਿੰਦਰ ਪਾਲ ਸਿੰਘ ਜੇਜੀ, ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੀਸ਼ਪਾਲ ਆਨੰਦ ਨੇ ਸਕੂਲ ਦੀਆਂ ਵਿੱਦਿਅਕ, ਖੇਡ ਅਤੇ ਸੱਭਿਆਚਾਰ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਬਚਪਨ ਦੌਰਾਨ ਹਾਸਲ ਕੀਤੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਬਣਦੇ ਹਨ। ਇਸ ਕਰਕੇ ਬੱਚਿਆਂ ਨੂੰ ਆਪਣੀਆਂ ਰੁਚੀਆਂ ਵੇਖਦਿਆਂ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਵਧਣਾ ਚਾਹੀਦਾ ਹੈ। ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਨੋਭਾਵਾਂ ਸਮਝਣ ਅਤੇ ਉਹਨਾਂ ਨਾਲ ਸਮਾਂ ਬਿਤਾਉਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਜੇਕਰ ਮਾਪੇ ਬੱਚਿਆਂ ਨਾਲ ਸੰਵਾਦ ਰਚਾਉਣ ਤਾਂ ਬੱਚੇ ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਦੂਰ ਤਾਂ ਹੋਣਗੇ ਹੀ, ਸਗੋਂ ਉਹਨਾਂ ਵਿਚਕਾਰ ਮੋਹ ਦੀਆਂ ਤੰਦਾਂ ਵੀ ਮਜ਼ਬੂਤ ਹੋਣਗੀਆਂ। ਮੈਡਮ ਅਮਨ ਢੀਂਡਸਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਮਾਪਿਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੈਡਮ ਪਿੰਕੀ ਸ਼ਰਮਾ, ਰਣਦੀਪ ਸੰਗਤਪੁਰਾ, ਬੇਅੰਤ ਕੌਰ, ਆਸ਼ਾ ਛਾਬੜਾ ਅਤੇ ਦੇਵਤਾ ਪ੍ਰਕਾਸ਼ ਨੇ ਕੀਤਾ।