ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਥੇਬੰਦਕ ਚੋਣ ਮੁਕੰਮਲ
- ਰੂਪ ਚੰਦ ਤਪਾ, ਜੱਗਾ ਸਿੰਘ ਧਨੌਲਾ ਕ੍ਰਮਵਾਰ ਦਿਹਾਤੀ ਅਤੇ ਸ਼ਹਿਰੀ ਮੰਡਲ ਦੇ ਪ੍ਰਧਾਨ ਚੁਣੇ ਗਏ
- ਪਾਵਰਕੌਮ ਪੈਨਸ਼ਨਰਜ਼ ਵੱਲੋਂ ਕੇਂਦਰੀ ਬੱਜਟ ਦੀਆਂ ਕਾਪੀਆਂ ਸਾੜ੍ਹਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਦਲਜੀਤ ਕੌਰ
ਬਰਨਾਲਾ, 5 ਫਰਵਰੀ, 2025: ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਜਥੇਬੰਦਕ ਚੋਣ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ। ਜਥੇਬੰਦਕ ਇਜਲਾਸ ਵਿੱਚ ਦਿਹਾਤੀ ਮੰਡਲ ਦੀ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਹਰਨੇਕ ਸਿੰਘ ਸੰਘੇੜਾ ਅਤੇ ਸ਼ਹਿਰੀ ਮੰਡਲ ਦੀ ਰਿਪੋਰਟ ਗੁਰਚਰਨ ਸਿੰਘ ਨੇ ਅਤੇ ਵਿੱਤ ਰਿਪੋਰਟ ਗੌਰੀ ਸ਼ੰਕਰ ਵੱਲੋਂ ਪੇਸ਼ ਕੀਤੀ। ਇਨ੍ਹਾਂ ਰਿਪੋਰਟਾਂ ਨੂੰ ਦਰਜਣਾਂ ਆਗੂਆਂ ਵੱਲੋਂ ਰੱਖੇ ਗੰਭੀਰ ਸਵਾਲਾਂ/ਸੁਝਾਵਾਂ ਉਪਰੰਤ ਭਰਵੀਂ ਬਹਿਸ ਉਪਰੰਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਦੋਵਾਂ ਮੰਡਲ ਕਮੇਟੀਆਂ ਨੂੰ ਮਹਿੰਦਰ ਸਿੰਘ ਕਾਲਾ ਅਤੇ ਜੱਗਾ ਸਿੰਘ ਧਨੌਲਾ ਵੱਲੋਂ ਭੰਗ ਕਰਨ ਉਪਰੰਤ ਕਾਰਵਾਈ ਸਰਕਲ ਕਮੇਟੀ ਨੂੰ ਸੌਂਪ ਦਿੱਤੀ ਗਈ। ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪੇਸ਼ ਹੋਏ ਪੈਨਲਾਂ ਅਨੁਸਾਰ ਸ਼ਹਿਰੀ ਮੰਡਲ ਦੀ ਚੋਣ ਵਿੱਚ ਜੱਗਾ ਸਿੰਘ ਧਨੌਲਾ ਪ੍ਰਧਾਨ ਅਤੇ ਗੁਰਚਰਨ ਸਿੰਘ ਬਰਨਾਲਾ ਸਕੱਤਰ ਸਮੇਤ 13 ਮੈਂਬਰੀ ਕਮੇਟੀ ਅਤੇ ਦਿਹਾਤੀ ਮੰਡਲ ਦੇ ਰੂਪ ਚੰਦ ਤਪਾ ਪ੍ਰਧਾਨ ਅਤੇ ਮੋਹਨ ਸਿੰਘ ਛੰਨਾਂ ਸਕੱਤਰ ਸਮੇਤ 11 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਇਸ ਸਮੇਂ ਵਿਚਾਰ ਪੇਸ਼ ਕਰਦਿਆਂ ਆਗੂਆਂ ਸ਼ਿੰਦਰ ਸਿੰਘ ਧੌਲਾ, ਮੁਖਤਿਆਰ ਸਿੰਘ ਸ਼ੇਰਪੁਰ ਅਤੇ ਨਰਾਇਣ ਦੱਤ ਨੇ ਚੰਡੀਗੜ੍ਹ ਬਿਜਲੀ ਬੋਰਡ ਨੂੰ ਭੰਗ ਕਰਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕੇਂਦਰ ਸਰਕਾਰ ਦੇ ਇਸ ਲੋਕ-ਮੁਲਾਜਮ ਵਿਰੋਧੀ ਫੈਸਲੇ ਖਿਲਾਫ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਦਰਜ ਕਰਵਾਇਆ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਦੀ ਨੀਤੀ ਤਹਿਤ ਬਿਜਲੀ ਬੋਰਡ ਸਮੇਤ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਲੋਕਾਂ ਉੱਪਰ ਮਹਿੰਗੀ ਬਿਜਲੀ, ਮੁਲਾਜ਼ਮਾਂ ਦੀ ਛਾਂਟੀ ਅਤੇ ਪੈਨਸ਼ਨਰਜ਼ ਦੇ ਜ਼ਿੰਦਗੀ ਗੁਜ਼ਰ ਪੈਨਸ਼ਨ ਬੰਦ ਹੋਣ ਵੱਲ ਵਧੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਸਮਾਂ ਰਾਹੀਂ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੁਚਲਣ ਦੀ ਵੀ ਨਿਖੇਧੀ ਕੀਤੀ। ਪਾਵਰਕੌਮ ਪੈਨਸ਼ਨਰਜ਼ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਪੈਨਸ਼ਨਰਜ਼/ਮੁਲਾਜ਼ਮ/ਲੋਕ ਵਿਰੋਧੀ ਬਜਟ ਖਿਲਾਫ਼ ਮਾਰਚ ਕਰਕੇ ਬਜਟ ਦੀਆਂ ਕਾਪੀਆਂ ਸਾੜ੍ਹਕੇ ਰੋਹ ਦਾ ਪ੍ਰਗਟਾਵਾ ਕੀਤਾ। ਆਗੂਆਂ ਕਿਹਾ ਕਿ ਇਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਦੇ ਜਾਬਰ, ਲੋਕ ਵਿਰੋਧੀ ਕਦਮਾਂ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਬਿਜਲੀ ਬੋਰਡ ਦੇ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਨ ਦਾ ਵੀ ਐਲਾਨ ਕੀਤਾ। ਪੰਜਾਬ ਸਰਕਾਰ ਦੀ ਲੋਕ-ਮੁਲਾਜਮ- ਪੈਨਸ਼ਨਰਜ਼ ਵਿਰੋਧੀ ਰਵੱਈਏ ਖਿਲਾਫ਼ ਪੰਜਾਬ ਗੌਰਮਿੰਟ ਅਤੇ ਪਾਵਰਕੌਮ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤਹਿਤ 7 ਫਰਬਰੀ ਨੂੰ ਡੀਸੀ ਦਫ਼ਤਰ ਬਰਨਾਲਾ ਅੱਗੇ 11 ਮੈਂਬਰੀ ਜਥੇ ਵੱਲੋਂ 11 ਵਜੇ ਤੋਂ 5 ਵਜੇ ਤੱਕ ਭੁੱਖ ਹੜਤਾਲ ਕਰਕੇ ਸੈਂਕੜੇ ਪੈਨਸ਼ਨਰਜ਼ ਵੱਲੋਂ ਵਿਸ਼ਾਲ ਰੈਲੀ ਕੀਤੀ ਜਾਵੇਗੀ। 10 ਅਤੇ 12 ਫਰਬਰੀ ਨੂੰ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਹਲਕਾ ਵਿਧਾਇਕਾਂ ਨੂੰ ਵੱਡੇ ਵਫਦਾਂ ਰਾਹੀਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤੇ ਜਾਣਗੇ।
ਇਸ ਸਮੇਂ ਹਾਜ਼ਰ ਆਗੂ ਸਾਥੀਆਂ ਬਹਾਦਰ ਸਿੰਘ, ਜਗਰਾਜ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ, ਬਲਵੰਤ ਸਿੰਘ, ਬੂਟਾ ਸਿੰਘ, ਰੁਲਦੂ ਸਿੰਘ, ਮੋਹਣ ਸਿੰਘ, ਸਿਕੰਦਰ ਸਿੰਘ, ਤੀਰਥ ਦਾਸ, ਜਨਕ ਸਿੰਘ ਧਾਲੀਵਾਲ, ਸੁਖਵੰਤ ਸਿੰਘ, ਰਜਿੰਦਰ ਸਿੰਘ ਖਿਆਲੀ ਆਦਿ ਨੇ ਵਿਚਾਰ ਪੇਸ਼ ਕਰਦਿਆਂ 7 ਫਰਬਰੀ ਨੂੰ ਸਵੇਰੇ 11 ਵਜੇ ਤੋਂ ਪਹਿਲਾਂ ਡੀਸੀ ਦਫ਼ਤਰ ਬਰਨਾਲਾ ਵਿਖੇ ਸਮੂਹ ਮੈਂਬਰ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।