ਵਾਟਰਸ਼ੈੱਡ ਯਾਤਰਾ ਰਾਹੀਂ ਕਿਸਾਨ ਜਾਗਰੂਕਤਾ ਕੈਂਪਾਂ ਦੀ ਕੜੀ ਦਾ ਆਰੰਭ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਫ਼ਰਵਰੀ, 2025: ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ - ਵਾਟਰਸ਼ੈੱਡ ਵਿਕਾਸ ਭਾਗ ਅਧੀਨ ਵਾਟਰਸ਼ੈੱਡ ਵਿਕਾਸ ਗਤੀਵੀਧੀਆਂ ਸਬੰਧੀ ਆਮ ਨਾਗਰਿਕਾਂ ਅਤੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਾਟਰਸ਼ੈੱਡ ਯਾਤਰਾ ਦੇ ਰਾਸ਼ਟਰ ਪੱਧਰੀ ਉਦਘਾਟਨ ਦੇ ਨਾਲ ਪੰਜਾਬ ਵਿੱਚ ਰਾਜ ਪੱਧਰੀ ਉਦਘਾਟਨ ਸਮਾਰੋਹ ਪਿੰਡ ਸੂੰਕ ਮਾਜਰੀ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਨੈਸ਼ਨਲ ਲੈਵਲ ਵਾਟਰਸੈੱਡ ਯਾਤਰਾ ਮੁਹਿੰਮ ਦੀ ਸ਼ੁਰੂਆਤ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਇਸ ਦੇ ਨਾਲ ਵਿਭਾਗ ਵੱਲੋਂ ਰਾਜ ਪੱਧਰੀ ਵਾਟਰਸ਼ੈੱਡ ਯਾਤਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਵਿਭਾਗ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤਾਂ, ਖੇਤੀਬਾੜੀ, ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ।
ਇਸ ਮੁਹਿੰਮ ਦੇ ਵਿੱਚ ਕੰਢੀ ਖੇਤਰ ਦੇ ਵਾਟਰਸ਼ੈੱਡ ਪ੍ਰੋਜੈਕਟਾਂ ਵਿੱਚ ਪੈਂਦੇ ਪਿੰਡਾਂ ਦੇ ਨਾਗਰਿਕਾਂ, ਵਾਟਰਸ਼ੈੱਡ ਕਮੇਟੀਆਂ ਅਤੇ ਹੋਰ ਮੈਂਬਰਾਂ, ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਲਗਭਗ 250 ਕਿਸਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਵਾਟਰਸ਼ੈੱਡ ਸਮਾਰੋਹ ਦੀ ਪ੍ਰਧਾਨਗੀ ਭੂਮੀ ਪਾਲ ਮੋਹਾਲੀ ਡਾ. ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਾਟਰਸ਼ੈੱਡ-ਅਧਾਰਿਤ ਪ੍ਰੋਜੈਕਟਾਂ ਦਾ ਉਦੇਸ਼ ਬਹੁ-ਸਰੋਤ ਪ੍ਰਬੰਧਨ ਦੀ ਇੱਕ ਸਾਂਝੀ ਰਣਨੀਤੀ ਅਪਣਾ ਕੇ ਸਮੁੱਚੇ ਖੇਤਰ ਦਾ ਸਰਵਪੱਖੀ ਵਿਕਾਸ ਕਰਨਾ ਹੈ। ਜਿਸ ਵਿੱਚ ਕਿ ਖੇਤੀ ਉਤਪਾਦਨ ਦੇ ਸੁਧਾਰ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤ ਪ੍ਰਬੰਧਨ ਤੋਂ ਲੈ ਕੇ ਜੀਵਿਕਾ ਪੈਦਾ ਕਰਨ ਤੱਕ ਦੇ ਕਾਰਜ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਵਾਟਰਸ਼ੈੱਡ ਆਧਾਰਿਤ ਪ੍ਰੋਗਰਾਮ ਅਧੀਨ 80.80 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 28,800 ਹੈਕਟੇਅਰ ਦੇ ਖੇਤਰ ਵਿੱਚ 7 ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਸੂਬੇ ਦੇ 5 ਜ਼ਿਲ੍ਹਿਆਂ ਦੇ 157 ਪਿੰਡਾਂ ਨੂੰ ਲਾਭ ਮਿਲੇਗਾ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਟਰਸੈਡ ਸਕੀਮ ਦੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਭੂਮੀ ਅਤੇ ਜਲ ਦੇ ਅਣਮੁੱਲੇ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਵਾਟਰਸ਼ੈੱਡ ਵਿਕਾਸ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਇੱਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਸਮਾਰੋਹ ਦੌਰਾਨ ਹਾਜ਼ਰ ਸਮੂਹ ਲੋਕਾਂ ਨੂੰ ਭੂਮੀ ਅਤੇ ਜਲ ਸੰਭਾਲ ਸਬੰਧੀ ਸਹੁੰ ਦਵਾਈ ਗਈ ਅਤੇ ਪਿੰਡ ਦੇ ਵਿੱਚ ਫਲਦਾਰ ਬੂਟੇ ਵੀ ਲਗਾਏ ਗਏ।
ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਵਾਟਰ ਸ਼ੇਡ ਸਕੀਮ ਅਧੀਨ ਤਿਆਰ ਕੀਤੇ ਗਏ ਪ੍ਰੋਜੈਕਟਾਂ ਦੀ ਸਪੁਰਦਗੀ ਵਾਟਰ ਸ਼ੈਡ ਕਮੇਟੀ ਅਤੇ ਪਿੰਡ ਵਾਸੀਆਂ ਨੂੰ ਕੀਤੀ ਗਈ ਅਤੇ ਨਵੇਂ ਹੋਣ ਵਾਲੇ ਪ੍ਰੋਜੈਕਟਾਂ ਦਾ ਭੂਮੀ-ਪੂਜਨ ਕੀਤਾ ਗਿਆ। ਇਸ ਮੌਕੇ ਮੁੱਖ ਦਫਤਰ ਵੱਲੋਂ ਸ੍ਰੀ ਕੇਸ਼ਵ ਕੁਮਾਰ ਮੰਡਲ ਭੂਮੀ ਰੱਖਿਆ ਅਫਸਰ (ਇੰਜ.), ਮੰਡਲ ਭੂਮੀ ਰੱਖਿਆ ਅਫਸਰ, ਮੋਹਾਲੀ ਸ੍ਰੀ ਜਤਿੰਦਰ ਸਿੰਘ, ਪੇਂਡੂ ਵਿਕਾਸ ਵਿਭਾਗ ਤੋਂ ਡਿਪਟੀ ਸੀ ਈ ਓ ਜਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫਸਰ ਮੋਹਾਲੀ ਸ੍ਰੀਮਤੀ ਨੀਤੂ ਮਿਨਹਾਸ, ਭੂਮੀ ਰੱਖਿਆ ਅਫਸਰ ਅਨਿਲ ਬਾਨਾ ਅਤੇ ਅਮਨਦੀਪ ਕੌਰ ਹਾਜ਼ਰ ਰਹੇ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਅਫਸਰ ਸ੍ਰੀਮਤੀ ਰਮਨਪ੍ਰੀਤ ਕੌਰ ਅਤੇ ਬਾਗਵਾਨੀ ਵਿਭਾਗ ਤੋਂ ਬਾਗਵਾਨੀ ਅਫਸਰ ਸ੍ਰੀਮਤੀ ਕਮਲਪ੍ਰੀਤ ਕੌਰ ਵੱਲੋਂ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵੱਲੋਂ ਕਿਸਾਨ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।