ਡੀ ਸੀ ਨੇ ਐਸ ਟੀ ਪੀਜ਼ ਦੀ ਪ੍ਰੀ-ਟੈਂਡਰਿੰਗ ਕਰਵਾਈਆਂ ਜਲਦੀ ਪੂਰੀਆਂ ਕਰਨ ਲਈ ਕਿਹਾ
ਹਰਜਿੰਦਰ ਸਿੰਘ ਭੱਟੀ
- ਨਵਾਂ ਗਾਓਂ ਐਸ ਟੀ ਪੀ ਦਾ ਨਿਰਮਾਣ ਚੱਲ ਰਿਹਾ ਹੈ
- ਜ਼ਿਲ੍ਹੇ ਵਿੱਚ ਲਗਭਗ 80 ਐਮ ਐਲ ਡੀ ਦੇ 10 ਨਵੇਂ ਐਸ ਟੀ ਪੀ ਹੋਰ ਸਥਾਪਤ ਕੀਤੇ ਜਾਣਗੇ
ਐਸ.ਏ.ਐਸ.ਨਗਰ, 05 ਫਰਵਰੀ, 2025: ਜ਼ਿਲ੍ਹੇ ਵਿੱਚ ਤਰਲ ਰਹਿੰਦ-ਖੂੰਹਦ ਦੇ ਢੁਕਵੇਂ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਐਸ.ਏ.ਐਸ.ਨਗਰ ਵਿੱਚ 10 ਹੋਰ ਐਸ ਟੀ ਪੀ ਸਥਾਪਤ ਕਰਕੇ ਮੌਜੂਦਾ ਸਮਰੱਥਾ ਵਿੱਚ 80 ਐਮ ਐਲ ਡੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਸੀਵਰੇਜ ਦੇ ਪਾਣੀ ਨੂੰ ਸੋਧਣ ਕਰਨ ਲਈ 101 ਮਿਲੀਅਨ ਲੀਟਰ ਰੋਜ਼ਾਨਾ ਦੀ ਸਮਰੱਥਾ ਸੀ। ਉਪਰੰਤ 46.10 ਐਮ ਐਲ ਡੀ ਦੀ ਵਾਧੂ ਲੋੜ ਦੇ ਪਾੜੇ ਨੂੰ ਪੂਰਾ ਕਰਨ ਲਈ, ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਲਈ ਲਗਭਗ 80 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਲਗਭਗ 10 ਹੋਰ ਐਸ ਟੀ ਪੀ ਲਾਏ ਜਾ ਰਹੇ ਹਨ।
ਨਵੇਂ ਲੱਗਣ ਵਾਲੇ ਐਸ ਟੀ ਪੀ ਲਾਲੜੂ, ਡੇਰਾਬੱਸੀ, ਜ਼ੀਰਕਪੁਰ, ਸੈਕਟਰ 83, ਖਰੜ ਅਤੇ ਨਵਾਂ ਗਾਓਂ ਵਿਖੇ ਪ੍ਰਸਤਾਵਿਤ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਨਵਾਂ ਗਾਓਂ ਐਸ ਟੀ ਪੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਫਰਵਰੀ 2026 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਨਵਾਂ ਗਾਓਂ ਲਈ 35.52 ਕਰੋੜ ਦੀ ਸਫਲ ਬੋਲੀ ਦਰਜ ਕੀਤੀ ਗਈ ਸੀ। ਕੰਮ ਦੇ ਦਾਇਰੇ ਵਿੱਚ 4600 ਮੀਟਰ ਸੀਵਰ ਲਾਈਨ ਵਿਛਾਉਣਾ ਸ਼ਾਮਲ ਹੈ ਜਦੋਂ ਕਿ 18.50 ਐਮ ਐਲ ਡੀ ਸਮਰੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਜਾਣਾ ਹੈ। ਹੁਣ ਤੱਕ 1200 ਮੀਟਰ ਸੀਵਰ ਲਾਈਨ ਵਿਛਾਈ ਜਾ ਚੁੱਕੀ ਹੈ ਜਦਕਿ ਐਸ ਟੀ ਪੀ ਦੀ ਉਸਾਰੀ ਦੀ 12 ਫੀਸਦੀ ਪ੍ਰਗਤੀ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਖਰੜ ਦੇ 15 ਐਮ.ਐਲ.ਡੀ ਅਤੇ 10 ਐਮ.ਐਲ.ਡੀ ਦੇ ਕੰਮ ਵੀ ਅਲਾਟ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਏਜੰਸੀਆਂ ਜਿਨ੍ਹਾਂ ਨੇ ਕੰਮ ਨੂੰ ਨੇਪਰੇ ਚਾੜ੍ਹਨਾ ਹੈ, ਨੂੰ ਬਾਕੀ ਸਾਰੇ ਪ੍ਰੋਜੈਕਟਾਂ ਨੂੰ ਕੰਮ ਦੀ ਲੀਹ 'ਤੇ ਲਿਆਉਣ ਲਈ ਪ੍ਰੀ-ਟੈਂਡਰਿੰਗ ਦੀਆਂ ਕਾਰਵਾਈਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ ਗਿਆ ਹੈ। ਏ.ਡੀ.ਸੀ.(ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਬਾਕੀ ਦੇ ਐਸ ਟੀ ਪੀਜ਼ ਦੇ ਕੰਮਾਂ ਦਾ ਵੱਖ-ਵੱਖ ਪੜਾਵਾਂ 'ਤੇ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਟੈਂਡਰ ਜਾਰੀ ਕਰ ਦਿੱਤੇ ਜਾਣਗੇ।